
ਸੂਰਾਂ ਅੰਦਰ ਫ਼ਲੂ ਵਾਇਰਸ ਦੀ ਪਛਾਣ, ਸੂਰ ਉਦਯੋਗ ਦੇ ਵਰਕਰਾਂ ਨੂੰ ਤੇਜ਼ੀ ਨਾਲ ਕਰ ਰਿਹੈ ਬੀਮਾਰ, ਵਿਗਿਆਨੀਆਂ ਨੇ ਕਿਹਾ-ਹਾਲੇ ਖ਼ਤਰਾ ਨਹੀਂ ਪਰ ਸਾਵਧਾਨੀਆਂ ਜ਼ਰੂਰੀ
ਬੀਜਿੰਗ, 30 ਜੂਨ : ਚੀਨ ਵਿਚ ਸੂਰਾਂ ਅੰਦਰ ਮਿਲ ਰਹੇ ਫ਼ਲੂ ਵਾਇਰਸ ਦੀ ਨਵੀਂ ਕਿਸਮ ਸੂਰ ਉਦਯੋਗ ਨਾਲ ਜੁੜੇ ਮੁਲਾਜ਼ਮਾਂ ਨੂੰ ਤੇਜ਼ੀ ਨਾਲ ਪ੍ਰਭਾਵਤ ਕਰ ਰਹੀ ਹੈ ਅਤੇ ਇਸ ਕਿਸਮ ਵਿਚ ਸੰਸਾਰ ਮਹਾਮਾਰੀ ਫੈਲਾਉਣ ਵਾਲੇ ਵਿਸ਼ਾਣੂ ਜਿਹੀਆਂ ਸਾਰੀਆਂ ਵਿਸ਼ੇਸ਼ਤਾਈਆਂ ਹਨ। ਤਾਜ਼ਾ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।
ਇਹ ਅਧਿਐਨ 2011 ਤੋਂ 2018 ਵਿਚਾਲੇ ਕੀਤਾ ਗਿਆ ਸੀ ਅਤੇ ਵੇਖਿਆ ਗਿਆ ਕਿ ਇਨਫ਼ਲੂਐਂਜ਼ਾ ਵਾਇਰਸ ਦੀ ਇਹ ਕਿਸਮ ਜਿਸ ਵਿਚ ਜੀ 4 ਜੀਨੋਟਾਈਪ ਖ਼ਾਨਦਾਨੀ ਸਮੱਗਰੀ ਹੈ, 2016 ਤੋਂ ਸੂਰਾਂ ਵਿਚ ਪ੍ਰਮੁੱਖਤਾ ਨਾਲ ਨਜ਼ਰ ਆ ਰਹੀ ਹੈ। ਚੀਨ ਰੋਗ ਕੰਟਰੋਲ ਅਤੇ ਬਚਾਅ ਕੇਂਦਰ ਦੇ ਵਿਗਿਆਨੀਆਂ ਸਣੇ ਹੋਰਾਂ ਮੁਤਾਬਕ ਇਹ ਜੀ4 ਵਿਸ਼ਾਣੂ ਇਨਸਾਨੀ ਕੋਸ਼ਿਕਾਵਾਂ ਵਿਚ ਰਿਸੈਪਟਰ ਅਣੂਆਂ ਯਾਨੀ ਪ੍ਰੋਟੀਨ ਅਣੂਆਂ ਨਾਲ ਬੰਨ੍ਹੇ ਜਾਂਦੇ ਹਨ ਅਤੇ ਸਾਹ ਤੰਤਰ ਦੀ ਬਾਹਰੀ ਸਤ੍ਹਾ ਵਿਚ ਅਪਣੀ ਗਿਣਤੀ ਵਧਾਉਂਦੇ ਹਨ।
Photo
ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਦੇ ਐਰਿਕ ਫਿੰਗਲ ਡਿੰਗ ਨੇ ਦਸਿਆ ਕਿ ਇਹ ਵਾਇਰਸ ਹੁਣ ਤਕ ਸਿਰਫ਼ ਸੂਰਾਂ ਅੰਦਰ ਹੈ। ਉਨ੍ਹਾਂ ਕਿਹਾ, 'ਸਿਰਫ਼ ਦੋ ਮਾਮਲੇ ਅਤੇ ਇਹ 2016 ਦੀ ਉਤਪਤੀ ਵਾਲਾ ਪੁਰਾਣਾ ਵਾਇਰਸ ਹੈ। ਇਨਸਾਨ ਤੋਂ ਇਨਸਾਨ ਵਿਚ ਨਹੀਂ ਫੈਲਿਆ। ਸੂਰ ਉਦਯੋਗ ਦੇ 10 ਫ਼ੀ ਸਦੀ ਲੋਕਾਂ ਵਿਚ ਐਂਟੀਬਾਡੀਜ਼ ਮਿਲੇ ਹਨ। ਡਰਾਉਣ ਵਾਲੀ ਕੋਈ ਗੱਲ ਨਹੀਂ। ਹਾਲੇ ਅਜਿਹਾ ਕੋਈ ਸਬੂਤ ਨਹੀਂ ਮਿਲਿਆ।'
ਉਧਰ, ਅਮਰੀਕਾ ਦੀ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਬਾਇਉਲੋਜਿਸਟ ਕਾਰਲ ਟੀ ਨੇ ਕਿਹਾ ਕਿ ਵਾਇਰਸ ਦੇ ਲਗਾਤਾਰ ਸੰਪਰਕ ਵਿਚ ਰਹਿਣ ਮਗਰੋਂ ਵੀ ਇਸ ਦੇ ਮਨੁੱਖ ਤੋਂ ਮਨੁੱਖ ਵਿਚ ਫੈਲਣ ਦੇ ਕੋਈ ਸਬੂਤ ਨਹੀਂ ਮਿਲੇ। ਉਨ੍ਹਾਂ ਇਹ ਵੀ ਕਿਹਾ ਕਿ ਉਭਰਤੀ ਹਾਲਤ 'ਤੇ ਨਜ਼ਰ ਰਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ, 'ਜਾਂਚ ਜ਼ਰੂਰੀ ਹੋਵੇਗੀ ਖ਼ਾਸਕਰ ਜੇ ਸੂਰ ਉਦਯੋਗ ਨਾਲ ਜੁੜੇ ਵਰਕਰਾਂ ਵਿਚ ਬੀਮਾਰੀ ਸਮੂਹ ਵਿਚ ਉਭਰਨ ਲੱਗੀ।'