
100 ਤੋਂ ਵੱਧ ਮਕਾਨ ਨੁਕਸਾਨੇ ਗਏ
ਜਕਾਰਤਾ: ਇੰਡੋਨੇਸ਼ੀਆ ਦੇ ਯੋਗਕਾਰਤਾ ਸੂਬੇ ’ਚ ਰਿਕਟਰ ਸਕੇਲ ’ਤੇ 6 ਦੀ ਤੀਬਰਤਾ ਨਾਲ ਆਏ ਭੂਚਾਲ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ 100 ਤੋਂ ਵੱਧ ਮਕਾਨਾਂ ਨੂੰ ਵੀ ਨੁਕਸਾਨ ਪੁੱਜਾ।
ਸੂਬੇ ਦੇ ਬਿਪਤਾ ਪ੍ਰਬੰਧਨ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ ਬੰਤੁਲ ਜ਼ਿਲ੍ਹੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਬੰਤੁਲ, ਗੁਨੁੰਗ, ਕਿਦੁਲ, ਸਲੀਮੈਨ ਅਤੇ ਕੂਲੋਨ ਪ੍ਰੋਗੋ ਜ਼ਿਲ੍ਹੇ ’ਚ 9 ਵਿਅਕਤੀ ਜ਼ਖ਼ਮੀ ਹੋ ਗਏ।
ਦੇਸ਼ ਦੀ ਭੌਂ-ਭੌਤਿਕੀ ਏਜੰਸੀ ਨੇ ਕਿਹਾ ਕਿ ਭੂਚਾਲ ਸ਼ੁਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 7:57 ਵਜੇ ਆਇਆ। ਇਸ ਦਾ ਕੇਂਦਰ ਬੰਤੁਲ ਜ਼ਿਲ੍ਹੇ ਤੋਂ 86 ਕਿਲੋਮੀਟਰ ਉੱਤਰ-ਪਛਮ ’ਚ 25 ਕਿਲੋਮੀਟਰ ਦੀ ਡੂੰਘਾਈ ’ਚ ਸੀ।
ਕੌਮੀ ਬਿਪਤਾ ਪ੍ਰਬੰਧਨ ਦੇ ਬੁਲਾਰੇ ਅਬਦੁਲ ਮਹਿਰੀ ਨੇ ਸਨਿਚਰਵਾਰ ਨੂੰ ਦਸਿਆ ਕਿ ਇਸ ਝਟਕੇ ਨਾਲ ਦੇਸ਼ ਦੇ ਵੱਖੋ-ਵੱਖ ਸੂਬਿਆਂ ’ਚ ਘੱਟ ਤੋਂ ਘੱਟ 102 ਮਕਾਨ ਨੁਕਸਾਨੇ ਗਏ ਹਨ। ਬੁਲਾਰੇ ਨੇ ਕਿਹਾ ਕਿ ਭੂਚਾਲ ਨਾਲ ਸਕੂਲ, ਦਫ਼ਤਰ, ਧਾਰਮਕ ਅਤੇ ਸਿਹਤ ਕੇਂਦਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਭੂਚਾਲ ਦੇ ਝਟਕੇ ਤੋਂ ਬਾਅਦ 44 ਤੋਂ ਵੱਧ ਹਲਕੇ ਝਟਕੇ ਆਏ।