
'ਜ਼ਿਆਦਾਤਰ ਤੇਲ ਅਤੇ ਫੌਜੀ ਉਤਪਾਦ ਰੂਸ ਤੋਂ ਖਰੀਦਦਾ '
ਨਿਊਯਾਰਕ/ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਨੇ ਹੁਣ ਅਪਣੇ ਟੈਰਿਫ ’ਚ ਕਟੌਤੀ ਕਰ ਕੇ ਇਸ ਨੂੰ ਸਿਫ਼ਰ ਕਰਨ ਦੀ ਪੇਸ਼ਕਸ਼ ਕੀਤੀ ਹੈ ਪਰ ਦੇਰ ਹੋ ਰਹੀ ਹੈ, ਕਿਉਂਕਿ ਭਾਰਤ ਅਪਣਾ ਜ਼ਿਆਦਾਤਰ ਤੇਲ ਅਤੇ ਫ਼ੌਜੀ ਉਤਪਾਦ ਰੂਸ ਤੋਂ ਖ਼ਰੀਦਦਾ ਹੈ ਅਤੇ ਅਮਰੀਕਾ ਤੋਂ ਬਹੁਤ ਘੱਟ।
ਟਰੰਪ ਨੇ ਟਰੂਥ ਸੋਸ਼ਲ ਉਤੇ ਇਕ ਪੋਸਟ ’ਚ ਕਿਹਾ, ‘‘ਬਹੁਤ ਘੱਟ ਲੋਕ ਸਮਝਦੇ ਹਨ ਕਿ ਅਸੀਂ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕਰਦੇ ਹਾਂ ਪਰ ਉਹ ਸਾਡੇ ਨਾਲ ਬਹੁਤ ਜ਼ਿਆਦਾ ਕਾਰੋਬਾਰ ਕਰਦੇ ਹਨ। ਭਾਰਤ ਅਪਣੇ ਸੱਭ ਤੋਂ ਵੱਡੇ ਗਾਹਕ ਅਮਰੀਕਾ ਨੂੰ ਵੱਡੀ ਮਾਤਰਾ ’ਚ ਸਾਮਾਨ ਵੇਚਦਾ ਹੈ ਪਰ ਅਸੀਂ ਉਨ੍ਹਾਂ ਨੂੰ ਬਹੁਤ ਘੱਟ ਵੇਚਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਭਾਰਤ ਨੇ ਹੁਣ ਤਕ ਸਾਡੇ ਤੋਂ ਇੰਨੇ ਜ਼ਿਆਦਾ ਟੈਰਿਫ ਵਸੂਲੇ ਹਨ, ਜੋ ਕਿ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਹਨ, ਜਿਸ ਕਾਰਨ ਸਾਡੇ ਕਾਰੋਬਾਰੀ ਭਾਰਤ ਵਿਚ ਅਪਣਾ ਸਮਾਨ ਵੇਚਣ ਤੋਂ ਅਸਮਰੱਥ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਇਸ ਤੋਂ ਇਲਾਵਾ ਭਾਰਤ ਅਪਣੇ ਜ਼ਿਆਦਾਤਰ ਤੇਲ ਅਤੇ ਫੌਜੀ ਉਤਪਾਦ ਰੂਸ ਤੋਂ ਖਰੀਦਦਾ ਹੈ, ਅਮਰੀਕਾ ਤੋਂ ਬਹੁਤ ਘੱਟ। ਉਨ੍ਹਾਂ ਨੇ ਹੁਣ ਅਪਣੇ ਟੈਰਿਫ ਸਿਫ਼ਰ ਕਰਨ ਦੀ ਪੇਸ਼ਕਸ਼ ਕੀਤੀ ਹੈ, ਪਰ ਦੇਰ ਹੋ ਰਹੀ ਹੈ। ਉਨ੍ਹਾਂ ਨੂੰ ਅਜਿਹਾ ਸਾਲਾਂ ਪਹਿਲਾਂ ਕਰਨਾ ਚਾਹੀਦਾ ਸੀ।’’
ਟਰੰਪ ਦੀ ਇਹ ਟਿਪਣੀ ਅਜਿਹੇ ਸਮੇਂ ਆਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਆਨਜਿਨ ਵਿਚ ਸ਼ੰਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ਤੋਂ ਇਲਾਵਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵਲੀ ਚਰਚਾ ਕੀਤੀ।
ਟਰੰਪ ਪ੍ਰਸ਼ਾਸਨ ਨੇ ਭਾਰਤ ਉਤੇ 25 ਫੀ ਸਦੀ ਅਤੇ ਦਿੱਲੀ ਵਲੋਂ ਰੂਸੀ ਤੇਲ ਦੀ ਖਰੀਦ ਉਤੇ 25 ਫੀ ਸਦੀ ਵਾਧੂ ਟੈਕਸ ਲਗਾਇਆ ਹੈ, ਜਿਸ ਨਾਲ ਭਾਰਤ ਉਤੇ ਲਗਾਈਆਂ ਗਈਆਂ ਕੁਲ ਡਿਊਟੀਆਂ 50 ਫੀ ਸਦੀ ਹੋ ਗਈਆਂ ਹਨ, ਜੋ ਦੁਨੀਆਂ ’ਚ ਸੱਭ ਤੋਂ ਵੱਧ ਹੈ। ਭਾਰਤ ਨੇ ਅਮਰੀਕਾ ਵਲੋਂ ਲਗਾਏ ਗਏ ਟੈਰਿਫ ਨੂੰ ‘ਅਣਉਚਿਤ ਅਤੇ ਗੈਰ-ਵਾਜਬ’ ਦਸਿਆ ਹੈ।
ਨਵੀਂ ਦਿੱਲੀ ਨੇ ਕਿਹਾ ਕਿ ਕਿਸੇ ਵੀ ਵੱਡੀ ਅਰਥਵਿਵਸਥਾ ਦੀ ਤਰ੍ਹਾਂ ਉਹ ਅਪਣੇ ਕੌਮੀ ਹਿੱਤਾਂ ਅਤੇ ਆਰਥਕ ਸੁਰੱਖਿਆ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਕਿਸਾਨਾਂ, ਪਸ਼ੂ ਪਾਲਕਾਂ, ਛੋਟੇ ਉਦਯੋਗਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ। (ਪੀਟੀਆਈ)