
ਪੋਸਟ ਦੇ ਨਾਲ ਦੂਤਘਰ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਇਕ ਤਸਵੀਰ ਵੀ ਜੋੜੀ ਹੈ
ਨਵੀਂ ਦਿੱਲੀ : ਅਮਰੀਕੀ ਦੂਤਘਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਉਤੇ ਇਕ ਹੈਰਾਨੀਜਨਕ ਪੋਸਟ ’ਚ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਨਵੀਂਆਂ ਉਚਾਈਆਂ ਛੂਹ ਰਹੇ ਹਨ। ਹਾਲਾਂਕਿ ਵਪਾਰ ਅਤੇ ਟੈਰਿਫ ਉਤੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਦੋ ਦਹਾਕਿਆਂ ’ਚ ਸੱਭ ਤੋਂ ਖਰਾਬ ਦੌਰ ’ਚ ਚੱਲ ਰਹੇ ਹਨ।
ਇਹ ਪੋਸਟ ਉਸ ਦਿਨ ਆਈ ਹੈ ਜਦੋਂ ਚੀਨ ਦੇ ਸ਼ਹਿਰ ਤਿਆਨਜਿਨ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਦੋਸਤੀ ਵਿਖਾਈ ਦੇ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਸ਼ੀ ਅਤੇ ਪੁਤਿਨ ਨਾਲ ਨਿੱਘੀ ਗੱਲਬਾਤ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਾਲੇ ਭਾਈਵਾਲੀ ਨਵੀਆਂ ਉਚਾਈਆਂ ਉਤੇ ਪਹੁੰਚ ਰਹੀ ਹੈ, ਜੋ 21ਵੀਂ ਸਦੀ ਦਾ ਪਰਿਭਾਸ਼ਕ ਰਿਸ਼ਤਾ ਹੈ। ਇਸ ਮਹੀਨੇ, ਅਸੀਂ ਲੋਕਾਂ, ਤਰੱਕੀ ਅਤੇ ਸੰਭਾਵਨਾਵਾਂ ਨੂੰ ਉਜਾਗਰ ਕਰ ਰਹੇ ਹਾਂ ਜੋ ਸਾਨੂੰ ਅੱਗੇ ਵਧਾ ਰਹੇ ਹਨ।
ਇਸ ਪੋਸਟ ਦੇ ਨਾਲ ਦੂਤਘਰ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਇਕ ਤਸਵੀਰ ਵੀ ਜੋੜੀ ਹੈ। ਰੂਬੀਓ ਨੇ ਕਿਹਾ, ‘‘ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸਥਾਈ ਦੋਸਤੀ ਸਾਡੇ ਸਹਿਯੋਗ ਦਾ ਆਧਾਰ ਹੈ ਅਤੇ ਸਾਨੂੰ ਅੱਗੇ ਵਧਾਉਂਦੀ ਹੈ ਕਿਉਂਕਿ ਅਸੀਂ ਅਪਣੇ ਆਰਥਕ ਸਬੰਧਾਂ ਦੀ ਅਥਾਹ ਸਮਰੱਥਾ ਦਾ ਅਹਿਸਾਸ ਕਰਦੇ ਹਾਂ।’’