
ਸ੍ਰੀ ਕਰਤਾਰਪੁਰ ਸਾਹਿਬ ਦੇ ਅੰਬੈਸਡਰ ਅਰੋੜਾ ਦੀ ਪੜ੍ਹਾਈ ਮੁਕੰਮਲ
ਲਾਹੌਰ : ਪਾਕਿਸਤਾਨ ਸਰਕਾਰ ਵਲੋਂ ਨਾਮਜ਼ਦ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਬੈਸਡਰ ਰਮੇਸ਼ ਸਿੰਘ ਅਰੋੜਾ ਨੇ ਐਮਫ਼ਿਲ ਦੀ ਪੜ੍ਹਾਈ ਮੁਕੰਮਲ ਕਰ ਲਈ ਹੈ ਤੇ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਤੋਂ ਉਨ੍ਹਾਂ ਨੂੰ ਐਮਫ਼ਿਲ ਦੀ ਡਿਗਰੀ ਦਿਤੀ ਗਈ ਹੈ। ਗੌਰਮਿੰਟ ਕਾਲਜ ਯੂਨੀਵਰਸਿਟੀ ਏਸ਼ੀਆ ਦੀਆਂ ਵੱਡੀਆਂ ਯੂਨੀਵਰਸਿਟੀਜ਼ ’ਚੋਂ ਇਕ ਹੈ ਜਿਥੇ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਅਨੇਕਾਂ ਅਹਿਮ ਸ਼ਖਸੀਅਤਾਂ ਨੇ ਸਿਖਿਆ ਹਾਸਲ ਕੀਤੀ ਸੀ।
ਕਦੇ ਇਸ ਯੂਨੀਵਰਸਿਟੀ ਦਾ ਸ਼ਿੰਗਾਰ ਖ਼ੁਸ਼ਵੰਤ ਸਿੰਘ, ਅਲਾਮਾ ਇਕਬਾਲ ਜਿਹੀਆਂ ਸ਼ਖਸ਼ੀਅਤਾਂ ਰਹੀਆਂ। ਅੱਜ ਵੀ ਏਸ਼ੀਆ ਦੀਆਂ ਵੱਡੀਆਂ ਯੂਨੀਵਰਸਿਟੀਜ਼ ’ਚ ਇਹ ਯੂਨੀਵਰਸਿਟੀ ਅਪਣਾ ਵਖਰਾ ਮੁਕਾਮ ਰਖਦੀ ਹੈ। ਇਥੇ ਵਿਸ਼ੇਸ਼ ਗੱਲ ਇਹ ਵੀ ਰਹੀ ਕਿ 1947 ਤੋਂ ਬਾਅਦ ਰਮੇਸ਼ ਸਿੰਘ ਅਰੋੜਾ ਪਹਿਲੇ ਸਿੱਖ ਹਨ ਜਿਨ੍ਹਾਂ ਨੂੰ ਇਹ ਡਿਗਰੀ ਮਿਲੀ ਹੈ।
ਯੂਨੀਵਰਸਿਟੀ ਦੇ ਆਡੀਟੋਰੀਅਮ ’ਚ ਹੋਏ ਇਕ ਵਿਸ਼ੇਸ਼ ਤੇ ਬੇਹਦ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਰੋੜਾ ਨੂੰ ਇਹ ਡਿਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਪਾਕਿਸਤਾਨ ਦੇ ਕੇਂਦਰੀ ਸਿਖਿਆ ਮੰਤਰੀ ਮਦਦ ਅਲੀ ਸਿੰਧੀ, ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਤਸਦਕ ਗਿਲਾਨੀ, ਗੋਰਮਿੰਟ ਕਾਲਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਸਗਰ ਜ਼ੈਦੀ ਆਦਿ ਨੇ ਅਰੋੜਾ ਨੂੰ ਇਹ ਡਿਗਰੀ ਪ੍ਰਦਾਨ ਕੀਤੀ।