
23 ਅਗੱਸਤ 1971 ਨੂੰ ਮੇਲਿਸਾ ਹਾਈਸਮਿਥ ਨੂੰ ਫ਼ੋਰਟ ਵਰਥ, ਟੈਕਸਾਸ ਤੋਂ ਅਗ਼ਵਾ ਕਰ ਲਿਆ ਗਿਆ ਸੀ
ਵਾਸ਼ਿੰਗਟਨ: ਅਮਰੀਕਾ ਦੇ ਟੈਕਸਾਸ ਵਿਚ ਇਕ ਔਰਤ 51 ਸਾਲ ਪਹਿਲਾਂ ਬਚਪਨ ਵਿਚ ਲਾਪਤਾ ਹੋ ਗਈ ਸੀ ਜੋ ਹੁਣ ਉਹ ਅਪਣੇ ਪਰਿਵਾਰ ਨਾਲ ਮਿਲੀ ਹੈ। ਦਿ ਗਾਰਡੀਅਨ ਦੀ ਇਕ ਰਿਪੋਰਟ ਅਨੁਸਾਰ 23 ਅਗਸਤ 1971 ਨੂੰ ਮੇਲਿਸਾ ਹਾਈਸਮਿਥ ਨੂੰ ਫ਼ੋਰਟ ਵਰਥ, ਟੈਕਸਾਸ ਤੋਂ ਅਗ਼ਵਾ ਕਰ ਲਿਆ ਗਿਆ ਸੀ। ਉਸ ਦੀ ਮਾਂ ਅਲਟਾ ਅਪੈਂਟੇਨਕੋ ਨੇ ਬੇਬੀਸਿਟਰ ਲਈ ਅਖ਼ਬਾਰ ਵਿਚ ਇਕ ਇਸ਼ਤਿਹਾਰ ਪੋਸਟ ਕੀਤਾ ਸੀ। ਉਸ ਨੇ ਇੱਕ ਔਰਤ ਨੂੰ ਬਿਨਾਂ ਮਿਲੇ ਨੌਕਰੀ ’ਤੇ ਰਖਿਆ ਕਿਉਂਕਿ ਉਸ ਨੂੰ ਅਪਣੀ ਧੀ ਦੀ ਦੇਖਭਾਲ ਲਈ ਕਿਸੇ ਸਹਾਇਕ ਦੀ ਲੋੜ ਸੀ। ਔਰਤ ਕੰਮ ਕਰਦੀ ਸੀ ਅਤੇ ਖ਼ੁਦ ਇਕ ਛੋਟੇ ਬੱਚੇ ਦੀ ਪਰਵਰਿਸ਼ ਕਰ ਰਹੀ ਸੀ। ਅਪੈਂਟੇਨਕੋ ਦੀ ਰੂਮਮੇਟ ਨੇ ਮੇਲਿਸਾ ਨੂੰ ਇਕ ਬੇਬੀਸਿਟਰ ਨੂੰ ਦਿਤਾ ਸੀ, ਜਿਸ ਨੇ ਕਥਿਤ ਤੌਰ ’ਤੇ ਉਸ ਨੂੰ ਅਗ਼ਵਾ ਕਰ ਲਿਆ ਅਤੇ ਉਸ ਨਾਲ ਗ਼ਾਇਬ ਹੋ ਗਈ।
ਇਸ ਸਾਲ ਦੇ ਸਤੰਬਰ ਵਿਚ ਹਾਈਸਮਿਥ ਦੇ ਰਿਸ਼ਤੇਦਾਰਾਂ ਨੂੰ ਇਕ ਸੂਚਨਾ ਮਿਲੀ ਕਿ ਉਹ ਚਾਰਲਸਟਨ ਨੇੜੇ ਹੈ ਜੋ ਫ਼ੋਰਟ ਵਰਥ ਤੋਂ 1100 ਮੀਲ ਤੋਂ ਵੱਧ ਦੂਰੀ ’ਤੇ ਹੈ। ਡੀ.ਐਨ.ਏ. ਟੈਸਟ ਦੇ ਨਤੀਜੇ, ਮੇਲਿਸਾ ਦਾ ਜਨਮ ਚਿੰਨ੍ਹ ਅਤੇ ਉਸ ਦੇ ਜਨਮ ਦਿਨ ਸਾਰੀਆਂ ਚੀਜ਼ਾਂ ਨੇ ਪਰਵਾਰ ਨੂੰ ਇਹ ਸਾਬਤ ਕਰਨ ਵਿਚ ਮਦਦ ਕੀਤੀ ਕਿ ਮੇਲਿਸਾ ਹੀ ਉਹ ਬੱਚੀ ਸੀ ਜਿਸ ਨੂੰ 51 ਸਾਲ ਪਹਿਲਾਂ ਉਨ੍ਹਾਂ ਤੋਂ ਅਗ਼ਵਾ ਕੀਤਾ ਗਿਆ ਸੀ। ਇਕ ਬਿਆਨ ਅਨੁਸਾਰ ਮੇਲਿਸਾ ਸ਼ਨੀਵਾਰ ਨੂੰ ਫ਼ੋਰਟ ਵਰਥ ਵਿਚ ਪਰਵਾਰ ਦੇ ਚਰਚ ਵਿਚ ਇਕ ਸਮਾਰੋਹ ਵਿਚ ਅਪਣੇ ਮਾਂ-ਪਿਉ ਅਤੇ ਚਾਰ ਭੈਣ-ਭਰਾ ਨਾਲ ਮਿਲੀ।