
24 ਕੈਦੀ ਹੋਏ ਫਰਾਰ
ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸ਼ਹਿਰ ਦੀ ਇਕ ਜੇਲ੍ਹ 'ਤੇ ਐਤਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ 14 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 24 ਕੈਦੀ ਹਮਲੇ ਦਾ ਫਾਇਦਾ ਉਠਾਉਂਦੇ ਹੋਏ ਜੇਲ੍ਹ 'ਚੋਂ ਫਰਾਰ ਹੋ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸਵੇਰੇ ਕਰੀਬ 7.00 ਵਜੇ ਹੋਇਆ। ਇਸ ਤੋਂ ਬਾਅਦ ਜੇਲ੍ਹ ਦੇ ਅੰਦਰ ਲੜਾਈ ਸ਼ੁਰੂ ਹੋ ਗਈ। ਚਿਹੁਆਹੁਆ ਸਟੇਟ ਪ੍ਰੌਸੀਕਿਊਟਰ ਦੇ ਦਫਤਰ ਮੁਤਾਬਕ ਮਰਨ ਵਾਲਿਆਂ ਵਿਚ 10 ਜੇਲ ਗਾਰਡ ਅਤੇ ਸੁਰੱਖਿਆ ਏਜੰਟ ਸ਼ਾਮਲ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰਾਂ ਨੇ ਪਹਿਲਾਂ ਬੁਲੇਵਾਰਡ ਨੇੜੇ ਮਿਊਂਸੀਪਲ ਪੁਲਿਸ 'ਤੇ ਗੋਲੀਬਾਰੀ ਕੀਤੀ, ਫਿਰ ਪਿੱਛਾ ਕੀਤਾ ਅਤੇ ਇਕ ਕਾਰ ਨੂੰ ਅਗਵਾ ਕਰ ਲਿਆ। ਹਮਲਾਵਰਾਂ ਨੇ ਜੇਲ੍ਹ ਦੇ ਬਾਹਰ ਸੁਰੱਖਿਆ ਏਜੰਟਾਂ 'ਤੇ ਗੋਲੀਬਾਰੀ ਕੀਤੀ।
ਅਧਿਕਾਰੀਆਂ ਮੁਤਾਬਕ ਹਮਲਾ ਸ਼ੁਰੂ ਹੋਣ ਤੋਂ ਬਾਅਦ ਜੇਲ੍ਹ ਅੰਦਰ ਕੈਦੀਆਂ ਵਿਚਾਲੇ ਲੜਾਈ ਹੋ ਗਈ। ਇਸ 'ਚ 13 ਲੋਕ ਗੰਭੀਰ ਜ਼ਖਮੀ ਹੋ ਗਏ। ਕੈਦੀਆਂ ਦੀ ਕੋਠੜੀ ਵਿੱਚ ਅਪਰਾਧਿਕ ਅਤੇ ਨਸ਼ਾ ਤਸਕਰਾਂ ਵਿਚਕਾਰ ਲੜਾਈ ਹੋਈ। ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਚਾਰੇ ਵਿਅਕਤੀ ਕੈਦੀ ਹਨ ਜਾਂ ਹਮਲਾਵਰ। ਵਕੀਲਾਂ ਨੇ ਕਿਹਾ ਕਿ ਉਹ ਜੇਲ੍ਹ 'ਤੇ ਹਮਲੇ ਦੇ ਉਦੇਸ਼ ਦੀ ਜਾਂਚ ਕਰ ਰਹੇ ਹਨ।