
ਇਜ਼ਰਾਈਲ-ਹਮਾਸ ਸੰਘਰਸ਼ ਨੂੰ ਲੈ ਕੇ ਬਰਤਾਨੀਆਂ ਵਿਚ ਇਕ ਵਿਸ਼ਾਲ ਮਾਰਚ ਦੌਰਾਨ ਹਿੰਸਾ ਭੜਕਣ ਤੋਂ ਬਾਅਦ ਆਈ ਪ੍ਰਧਾਨ ਮੰਤਰੀ ਦੀ ਟਿਪਣੀ
ਲੰਡਨ: ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੇਸ਼ ਦੇ ਲੋਕਤੰਤਰ ਦੀ ਰਾਖੀ ਕਰਨ ਦੀ ਅਪੀਲ ਕਰਦੇ ਹੋਏ ਚੇਤਾਵਨੀ ਦਿਤੀ ਹੈ ਕਿ ਕੱਟੜਪੰਥੀ ਤਾਕਤਾਂ ਦੇਸ਼ ਨੂੰ ਤੋੜਨ ਅਤੇ ਇਸ ਦੀ ਬਹੁ-ਧਾਰਮਕ ਪਛਾਣ ਨੂੰ ਕਮਜ਼ੋਰ ਕਰਨ ’ਤੇ ਤੁਲੀਆਂ ਹੋਈਆਂ ਹਨ।
ਅਪਣੇ ਹਿੰਦੂ ਵਿਸ਼ਵਾਸਾਂ ਦਾ ਹਵਾਲਾ ਦਿੰਦੇ ਹੋਏ ਇਕ ਬ੍ਰਿਟਿਸ਼ ਭਾਰਤੀ ਨੇਤਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਬਰਤਾਨੀਆਂ ਦੀਆਂ ਸਥਾਈ ਕਦਰਾਂ-ਕੀਮਤਾਂ ਸਾਰੇ ਧਰਮਾਂ ਅਤੇ ਨਸਲਾਂ ਦੇ ਪ੍ਰਵਾਸੀਆਂ ਨੂੰ ਮਨਜ਼ੂਰ ਕਰਨ ਦੀਆਂ ਹਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਸ਼ਾਂਤੀਪੂਰਨ ਪ੍ਰਦਰਸ਼ਨਾਂ ’ਤੇ ਕੱਟੜਪੰਥੀ ਤਾਕਤਾਂ ਦਾ ਕਬਜ਼ਾ ਨਾ ਹੋ ਜਾਵੇ।
ਸੁਨਕ ਨੇ ਪ੍ਰਧਾਨ ਮੰਤਰੀ ਦਫ਼ਤਰ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਦੇ ਬਾਹਰ ਅਪਣੇ ਭਾਸ਼ਣ ’ਚ ਕਿਹਾ, ‘‘ਇੱਥੇ ਆਏ ਪ੍ਰਵਾਸੀਆਂ ਨੇ ਇਕਜੁੱਟ ਹੋ ਕੇ ਯੋਗਦਾਨ ਦਿਤਾ ਹੈ। ਉਨ੍ਹਾਂ ਨੇ ਸਾਡੇ ਦੇਸ਼ ਦੀ ਕਹਾਣੀ ’ਚ ਇਕ ਨਵਾਂ ਅਧਿਆਇ ਲਿਖਣ ’ਚ ਮਦਦ ਕੀਤੀ ਹੈ। ਉਨ੍ਹਾਂ ਨੇ ਅਪਣੀ ਪਛਾਣ ਛੱਡੇ ਬਿਨਾਂ ਅਜਿਹਾ ਕੀਤਾ ਹੈ।’’
ਉਨ੍ਹਾਂ ਨੇ ਕਿਹਾ, ‘‘ਤੁਸੀਂ ਇਕ ਹਿੰਦੂ ਹੋਣ ਦੇ ਨਾਲ ਮੇਰੇ ਵਰਗੇ ਇਕ ਮਾਣਮੱਤੇ ਬ੍ਰਿਟਿਸ਼ ਨਾਗਰਿਕ ਹੋ ਵੀ ਸਕਦੇ ਹੋ, ਜਾਂ ਤੁਸੀਂ ਇਕ ਸ਼ਰਧਾਵਾਨ ਮੁਸਲਮਾਨ ਹੋਣ ਦੇ ਨਾਲ ਹੀ ਦੇਸ਼ ਭਗਤ ਨਾਗਰਿਕ ਹੋ ਸਕਦੇ ਹੋ ਜਿਵੇਂ ਕਈ ਲੋਕ ਹਨ ਜਾਂ ਇਕ ਸਮਰਪਿਤ ਯਹੂਦੀ ਅਤੇ ਅਪਣੇ ਸਥਾਨਕ ਭਾਈਚਾਰੇ ਦੀ ਜਾਨ ਹੋ ਸਕਦੇ ਹੋ ਅਤੇ ਇਹ ਸੱਭ ਸਾਡੇ ਸਥਾਪਤ ਈਸਾਈ ਚਰਚ ਦੀ ਸਹਿਣਸ਼ੀਲਤਾ ’ਤੇ ਅਧਾਰਤ ਹੈ।’’
ਉਨ੍ਹਾਂ ਕਿਹਾ, ‘‘ਪਰ ਮੈਨੂੰ ਡਰ ਹੈ ਕਿ ਦੁਨੀਆਂ ਦੇ ਸੱਭ ਤੋਂ ਸਫਲ ਬਹੁ-ਨਸਲੀ, ਬਹੁ-ਧਾਰਮਕ ਲੋਕਤੰਤਰ ਦੇ ਨਿਰਮਾਣ ਵਿਚ ਸਾਡੀ ਵੱਡੀ ਪ੍ਰਾਪਤੀ ਨੂੰ ਜਾਣਬੁਝ ਕੇ ਕਮਜ਼ੋਰ ਕੀਤਾ ਜਾ ਰਿਹਾ ਹੈ। ਦੇਸ਼ ’ਚ ਕੁੱਝ ਤਾਕਤਾਂ ਹਨ ਜੋ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ।’’ ਪ੍ਰਧਾਨ ਮੰਤਰੀ ਦੀ ਇਹ ਟਿਪਣੀ ਬ੍ਰਿਟਿਸ਼ ਸੰਸਦ ਮੈਂਬਰਾਂ ਦੀ ਵਧਦੀ ਸੁਰੱਖਿਆ ਚਿੰਤਾਵਾਂ ਅਤੇ ਇਜ਼ਰਾਈਲ-ਹਮਾਸ ਸੰਘਰਸ਼ ਨੂੰ ਲੈ ਕੇ ਬਰਤਾਨੀਆਂ ਵਿਚ ਇਕ ਵਿਸ਼ਾਲ ਮਾਰਚ ਦੌਰਾਨ ਹਿੰਸਾ ਭੜਕਣ ਤੋਂ ਬਾਅਦ ਆਈ ਹੈ।