
ਵਿਰੋਧੀ ਧਿਰ ਨੇ ਦਸਿਆ 'ਵਿਨਾਸ਼ਕਾਰੀ'
ਇਸਲਾਮਾਬਾਦ, 1 ਮਈ : ਪਾਕਿਸਤਾਨੀ ਸੰਸਦ ਦੇ ਉੱਚ ਸਦਨ ਸੈਨੇਟ 'ਚ ਵਿਰੋਧੀ ਧਿਰ ਨੇ ਸੋਮਵਾਰ ਨੂੰ ਸਰਕਾਰ ਵਲੋਂ ਪੇਸ਼ ਕੀਤੇ ਅਗਲੇ ਵਿੱਤੀ ਸਾਲ ਲਈ ਪ੍ਰਸਤਾਵਿਤ ਬਜਟ ਨੂੰ ਅਸਵੀਕਾਰ ਕਰ ਦਿਤਾ ਹੈ। ਵਿਰੋਧ ਧਿਰ ਨੇ ਪ੍ਰਸਤਾਵਤ ਬਜਟ ਨੂੰ ਰੱਦ ਕਰਦਿਆਂ ਚਿਤਾਵਨੀ ਦਿਤੀ ਕਿ ਇਹ 'ਵਿਨਾਸ਼ਕਾਰੀ' ਬਜਟ ਆਉਣ ਵਾਲੀ ਸਰਕਾਰ ਲਈ ਸਮੱਸਿਆਵਾਂ ਪੈਦਾ ਕਰੇਗਾ।ਸਦਨ 'ਚ ਵਿਰੋਧੀ ਧਿਰ ਦੀ ਨੇਤਾ ਸ਼ੇਰੀ ਰਹਿਮਾਨ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਰਾਸ਼ਟਰੀ ਵਿੱਤ ਕਮਿਸ਼ਨ (ਐਨ.ਐਫ.ਸੀ.) ਦੇ ਬਿਨਾਂ ਬਜਟ ਦੀ ਪੇਸ਼ਕਾਰੀ ਗ਼ੈਰ ਸੰਵਿਧਾਨਕ ਹੈ। ਉਨ੍ਹਾਂ ਨੇ ਇਹ ਵੀ ਵੇਖਿਆ ਕਿ ਬਾਹਰ ਜਾਣ ਵਾਲੀ ਸਰਕਾਰ ਕੋਲ ਪੂਰੇ ਸਾਲ ਦਾ ਬਜਟ ਪੇਸ਼ ਕਰਨ ਲਈ ਕੋਈ ਕਾਨੂੰਨੀ ਅਤੇ ਨੈਤਿਕ ਅਧਿਕਾਰ ਨਹੀਂ ਸੀ। ਉਨ੍ਹਾਂ ਨੇ ਸੰਸਦ ਦੇ ਪ੍ਰਤੀ ਸਰਕਾਰ ਦੇ ਰਵੱਈਏ 'ਤੇ ਵੀ ਵਿਰੋਧ ਜ਼ਾਹਰ ਕੀਤਾ।
Pakistan Sansad
ਅਸਲ ਵਿਚ ਸੈਸ਼ਨ ਸ਼ੁਰੂ ਹੋਣ 'ਤੇ ਇਕ ਵੀ ਮੰਤਰੀ ਸਦਨ ਵਿਚ ਮੌਜੂਦ ਨਹੀਂ ਸੀ। ਉਨ੍ਹਾਂ ਨੇ ਸੈਨੇਟ ਦੇ ਪ੍ਰਧਾਨ ਸਾਦਿਕ ਸਨਜਰਾਨੀ ਨੂੰ ਸੰਬੋਧਤ ਕਰਦਿਆਂ ਕਿਹਾ, ''ਸੈਨੇਟ ਦੇ 104 ਮੈਂਬਰਾਂ ਵਿਚੋਂ ਸਿਰਫ਼ 25 ਸਦਨ ਵਿਚ ਮੌਜੂਦ ਸਨ, ਜਦਕਿ ਬਾਕੀ ਮੰਤਰੀ ਕਮਰੇ ਵਿਚ ਸਨ।'' ਇਸ ਦੌਰਾਨ ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਕਿਹਾ ਹੈ ਕਿ ਵਿੱਤੀ ਐਮਰਜੈਂਸੀ ਲਾਗੂ ਕਰਨ ਦਾ ਕੋਈ ਤਰਕ ਨਹੀਂ ਹੈ। ਸ਼ੈਰੀ ਰਹਿਮਾਨ ਨੇ ਕਿਹਾ ਕਿ ਪਾਕਿਸਤਾਨ ਦਾ ਭਵਿੱਖ ਖ਼ਤਰੇ ਵਿਚ ਹੈ। ਉਨ੍ਹਾਂ ਨੇ ਇਸ ਸਰਕਾਰ ਅਤੇ ਉਸ ਦੇ ਬਜਟ ਨੂੰ 'ਲੇਮ ਡੱਕ ਬਜਟ' ਮਤਲਬ ਦੀਵਾਲੀਆ ਬਜਟ ਦਸਿਆ। (ਪੀਟੀਆਈ)