
ਹੈਲਥ ਕੇਅਰ ਮਾਮਲੇ 'ਚ ਦੋਸ਼ੀ ਹੈ ਡਾ. ਮੋਨਾ ਘੋਸ਼
ਸ਼ਿਕਾਗੋ (ਅਮਰੀਕਾ): ਅਮਰੀਕਾ ਦੇ ਸ਼ਿਕਾਗੋ ’ਚ 51 ਸਾਲਾ ਭਾਰਤੀ ਡਾਕਟਰ ਨੂੰ ਹੈਲਥ ਕੇਅਰ ਧੋਖਾਧੜੀ ਮਾਮਲੇ ’ਚ ਦੋਸ਼ੀ ਕਰਾਰ ਦਿਤਾ ਗਿਆ ਹੈ। ਦਰਅਸਲ, ਉਸ ’ਤੇ ਮੈਡੀਕੇਡ ਅਤੇ ਬੀਮਾਕਾਰਾਂ ਨੂੰ ਧੋਖਾਧੜੀ ਵਾਲੀਆਂ ਸੇਵਾਵਾਂ ਦੇ ਝੂਠੇ ਬਿਲ ਦਿਖਾ ਕੇ ਧੋਖਾਧੜੀ ਕਰਨ ਦਾ ਦੋਸ਼ ਸੀ। ਡਾਕਟਰ ਦੀ ਪਛਾਣ ਮੋਨਾ ਘੋਸ਼ ਵਜੋਂ ਹੋਈ ਹੈ। ਉਹ ਗਾਇਨੇਕੋਲੋਜੀ ਸੇਵਾਵਾਂ ਦੇ ਮਾਹਰ ਹਨ ਅਤੇ ਪ੍ਰੋਗਰੈਸਿਵ ਵੂਮੈਨ ਹੈਲਥਕੇਅਰ ਦੇ ਨਾਂਅ ਨਾਲ ਅਪਣੀਆਂ ਸੇਵਾਵਾਂ ਦਿੰਦੇ ਰਹੇ ਹਨ। ਉਨ੍ਹਾਂ ਨੂੰ ਸਿਹਤ ਸੰਭਾਲ ਧੋਖਾਧੜੀ ਦੇ ਦੋ ਮਾਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਨੂੰ ਹਰੇਕ ਮਾਮਲੇ ਵਿਚ ਦਸ ਸਾਲ ਤਕ ਕੈਦ ਦੀ ਸਜ਼ਾ ਹੋ ਸਕਦੀ ਹੈ।
ਅਮਰੀਕੀ ਜ਼ਿਲ੍ਹਾ ਜੱਜ ਫ੍ਰੈਂਕਲਿਨ ਯੂ ਵਾਲਡਰਰਾਮਾ ਨੇ ਸਜ਼ਾ ਸੁਣਾਉਣ ਲਈ 22 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ। ਮੁਲਜ਼ਮ ਡਾਕਟਰ ਨੇ ਮੰਨਿਆ ਕਿ ਉਹ ਧੋਖਾਧੜੀ ਨਾਲ ਪ੍ਰਾਪਤ ਕੀਤੇ ਫੰਡਾਂ ਵਿੱਚੋਂ 15 ਲੱਖ ਡਾਲਰ ਤੋਂ ਵੱਧ ਦੀ ਅਦਾਇਗੀ ਕਰਨ ਲਈ ਦੇਣਦਾਰ ਸੀ। ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਕਿ ਡਾ. ਘੋਸ਼ ਧੋਖਾਧੜੀ ਰਾਹੀਂ ਪ੍ਰਾਪਤ ਕੀਤੇ ਘੱਟੋ-ਘੱਟ 2.4 ਮਿਲੀਅਨ ਡਾਲਰ ਦੀ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਹੈ। ਸਜ਼ਾ ਸੁਣਾਉਣ ਸਮੇਂ ਅਦਾਲਤ ਵੱਲੋਂ ਅੰਤਿਮ ਰਕਮ ਦਾ ਫੈਸਲਾ ਕੀਤਾ ਜਾਵੇਗਾ।
ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, 2018 ਤੋਂ 2022 ਤੱਕ, ਡਾ. ਘੋਸ਼ ਨੇ ਮੈਡੀਕੇਡ, ਟ੍ਰਾਈਕੇਅਰ ਅਤੇ ਹੋਰ ਬੀਮਾ ਕੰਪਨੀਆਂ ਨੂੰ ਦਾਅਵੇ ਪੇਸ਼ ਕੀਤੇ ਜੋ ਡਾਕਟਰੀ ਤੌਰ ’ਤੇ ਜ਼ਰੂਰੀ ਨਹੀਂ ਸਨ। ਉਸ ਨੇ ਆਪਣੇ ਮੁਲਾਜ਼ਮਾਂ ਨੂੰ ਵੀ ਫਰਜ਼ੀ ਕਲੇਮ ਜਮ੍ਹਾ ਕਰਵਾ ਦਿੱਤਾ। ਹਾਲਾਂਕਿ, ਕੁਝ ਦਾਅਵੇ ਮਰੀਜ਼ ਦੀ ਸਹਿਮਤੀ ਤੋਂ ਬਿਨਾਂ ਪੇਸ਼ ਕੀਤੇ ਗਏ ਸਨ। ਡਾ ਘੋਸ਼ ਨੇ ਮੰਨਿਆ ਕਿ ਉਸਨੇ ਫਰਜ਼ੀ ਦਾਅਵਿਆਂ ਦਾ ਸਮਰਥਨ ਕਰਨ ਲਈ ਝੂਠੇ ਮਰੀਜ਼ਾਂ ਦੇ ਮੈਡੀਕਲ ਰਿਕਾਰਡ ਵੀ ਬਣਾਏ ਸਨ।