
ਓਲੀ ਤੇ ਦੇਊਬਾ ਵਿਚਾਲੇ ਹੋਇਆ ਸਮਝੌਤਾ।
ਕਾਠਮੰਡੂ: ਨੇਪਾਲ ਵਿਚ ਨਾਟਕੀ ਘਟਨਾਕ੍ਰਮ ਦੇ ਤਹਿਤ, ਦੋ ਸਭ ਤੋਂ ਵੱਡੀਆਂ ਪਾਰਟੀਆਂ ਨੇਪਾਲੀ ਕਾਂਗਰਸ ਅਤੇ ਸੀਪੀਐਨ-ਯੂਐਮਐਲ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਨਵੀਂ ‘ਕੌਮੀ ਸਰਕਾਰ’ ਬਣਾਉਣ ਲਈ ਅੱਧੀ ਰਾਤ ਨੂੰ ਦੋਵੇਂ ਧਿਰਾਂ ਸਮਝੌਤਾ ਕਰ ਗਈਆਂ।
ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਅਤੇ ਕਮਿਊਨਿਸਟ ਪਾਰਟੀ ਆਫ ਨੇਪਾਲ-ਯੂਨੀਫਾਈਡ ਮਾਰਕਸਿਸਟ ਲੈਨਿਨਿਸਟ ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਸੋਮਵਾਰ ਅੱਧੀ ਰਾਤ ਨੂੰ ਨਵੀਂ ਗਠਜੋੜ ਸਰਕਾਰ ਬਣਾਉਣ ਲਈ ਸਮਝੌਤੇ ’ਤੇ ਦਸਤਖਤ ਕੀਤੇ।
ਸਾਬਕਾ ਵਿਦੇਸ਼ ਮੰਤਰੀ ਨਰਾਇਣ ਪ੍ਰਕਾਸ਼ ਸੌਦ ਨੇ ਦੱਸਿਆ ਕਿ ਦੇਉਬਾ (78) ਤੇ ਓਲੀ (72) ਸੰਸਦ ਦੇ ਬਾਕੀ ਰਹਿੰਦੇ ਕਾਰਜਕਾਲ ਲਈ ਰੋਟੇਸ਼ਨ ਰਾਹੀਂ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਝਾ ਕਰਨ ਲਈ ਸਹਿਮਤ ਹੋਏ ਹਨ। ਸਾਊਦ ਨੇਪਾਲੀ ਕਾਂਗਰਸ ਦੇ ਕੇਂਦਰੀ ਮੈਂਬਰ ਵੀ ਹਨ।
ਨੇਪਾਲ ਦੇ ਪ੍ਰਤੀਨਿਧ ਸਦਨ ’ਚ ਸੱਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਕੋਲ 89 ਸੀਟਾਂ ਹਨ ਜਦ ਕਿ ਸੀਪੀਐਨ-ਯੂਐਮਐਲ ਕੋਲ 78 ਸੀਟਾਂ ਹਨ। ਦੋਵਾਂ ਪਾਰਟੀਆਂ ਦੀ ਸੰਯੁਕਤ ਗਿਣਤੀ 167 ਹੈ, ਜੋ 275 ਮੈਂਬਰੀ ਸਦਨ ਦੀਆਂ 138 ਸੀਟਾਂ ਦੇ ਬਹੁਮਤ ਦੇ ਅੰਕੜੇ ਲਈ ਕਾਫੀ ਹੈ।
ਦੇਉਬਾ ਅਤੇ ਓਲੀ ਨੇ ਸਨਿਚਰਵਾਰ ਨੂੰ ਦੋਵੇਂ ਪਾਰਟੀਆਂ ਵਿਚਕਾਰ ਸੰਭਾਵਿਤ ਨਵੇਂ ਸਿਆਸੀ ਗਠਜੋੜ ਲਈ ਜ਼ਮੀਨ ਤਿਆਰ ਕਰਨ ਲਈ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਓਲੀ ਦੀ ਸੀਪੀਐਨ-ਯੂਐਮਐਲ ਨੇ ਪ੍ਰਚੰਡ ਦੀ ਅਗਵਾਈ ਵਾਲੀ ਸਰਕਾਰ ਨਾਲ ਸਬੰਧ ਖ਼ਤਮ ਕਰ ਦਿਤੇ ਸਨ। ਉਨ੍ਹਾਂ ਚਾਰ ਮਹੀਨੇ ਪਹਿਲਾਂ ਹੀ ਇਸ ਸਰਕਾਰ ਨੂੰ ਆਪਣੀ ਹਮਾਇਤ ਦਿਤੀ ਸੀ।
ਇਸ ਸਮਝੌਤੇ ਨੂੰ ਮੰਗਲਵਾਰ ਨੂੰ ਅੰਤਿਮ ਰੂਪ ਦਿਤੇ ਜਾਣ ਦੀ ਸੰਭਾਵਨਾ ਹੈ। ਸਮਝੌਤੇ ਤਹਿਤ, ਓਲੀ ਡੇਢ ਸਾਲ ਲਈ ਨਵੀਂ, ‘ਰਾਸ਼ਟਰੀ ਸਹਿਮਤੀ ਵਾਲੀ ਸਰਕਾਰ’ ਦੀ ਅਗਵਾਈ ਕਰਨਗੇ। ਦੇਊਬਾ ਬਾਕੀ ਰਹਿੰਦੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਬਣੇ ਰਹਿਣਗੇ।
ਮੀਡੀਆ ਰਿਪੋਰਟਾਂ ’ਚ ਦੋਹਾਂ ਪਾਰਟੀਆਂ ਦੇ ਕਈ ਸੀਨੀਅਰ ਨੇਤਾਵਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੋਵੇਂ ਨੇਤਾ ਨਵੀਂ ਸਰਕਾਰ ਬਣਾਉਣ, ਸੰਵਿਧਾਨ ’ਚ ਸੋਧ ਕਰਨ ਅਤੇ ਸੱਤਾ ਦੀ ਵੰਡ ਦੇ ਫਾਰਮੂਲੇ ’ਤੇ ਚਰਚਾ ਕਰਨ ’ਤੇ ਸਹਿਮਤ ਹੋਏ ਹਨ। ਉਨ੍ਹਾਂ ਨੇ ਇਹ ਸਮਝੌਤਾ ਕੁਝ ਵਿਸ਼ਵਾਸਪਾਤਰਾਂ ਨਾਲ ਸਾਂਝਾ ਕੀਤਾ ਹੈ।