
ਜਾਨਸਨ ਐਂਡ ਜਾਨਸਨ ਅਤੇ ਇਸ ਦੇ ਸਹਿਯੋਗੀਆਂ 'ਤੇ ਨਿਊ ਹੈਂਪਸ਼ਾਇਰ ਸਮੇਤ ਕਈ ਸੂਬਿਆਂ ਅਤੇ ਪੀੜਤਾਂ ਦੁਆਰਾ ਮੁਕੱਦਮਾ ਕੀਤਾ ਗਿਆ ਹੈ।
ਵਾਸ਼ਿੰਗਟਨ: ਮਸ਼ਹੂਰ ਫਾਰਮਾਸਿਊਟੀਕਲ ਕੰਪਨੀ ਜਾਨਸਨ ਐਂਡ ਜਾਨਸਨ ਅਮਰੀਕਾ ਦੇ ਨਿਊ ਹੈਂਪਸ਼ਾਇਰ ਸੂਬੇ ਨੂੰ ਲਗਭਗ 323 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਤਿਆਰ ਹੋ ਗਈ ਹੈ। ਇਹ ਮੁਆਵਜ਼ਾ ਕੰਪਨੀ ਦੀ ਅਫੀਮ ਅਧਾਰਤ ਦਵਾਈ ਦੀ ਲਤ ਕਾਰਨ ਸੂਬੇ ਦੇ ਹਜ਼ਾਰਾਂ ਲੋਕਾਂ ਦੀ ਮੌਤ ਅਤੇ ਪੀੜਤਾਂ ਦੇ ਇਲਾਜ ਬਦਲੇ ਦਿੱਤਾ ਜਾਵੇਗਾ। ਇਹ ਦਵਾਈ ਸਾਲ 2000 ਤੋਂ ਦਰਦ ਨਿਵਾਰਕ ਵਜੋਂ ਲਈ ਜਾ ਰਹੀ ਸੀ, ਜ਼ਿਆਦਾਤਰ ਬਜ਼ੁਰਗ ਇਸ ਦੀ ਚਪੇਟ ਵਿਚ ਆ ਗਏ।
ਜਾਨਸਨ ਐਂਡ ਜਾਨਸਨ ਅਤੇ ਇਸ ਦੇ ਸਹਿਯੋਗੀਆਂ 'ਤੇ ਨਿਊ ਹੈਂਪਸ਼ਾਇਰ ਸਮੇਤ ਕਈ ਸੂਬਿਆਂ ਅਤੇ ਪੀੜਤਾਂ ਦੁਆਰਾ ਮੁਕੱਦਮਾ ਕੀਤਾ ਗਿਆ ਹੈ। ਨਿਊ ਹੈਂਪਸ਼ਾਇਰ ਫਰਵਰੀ ਵਿਚ ਰਾਸ਼ਟਰੀ ਸਮਝੌਤੇ ਤੋਂ ਪਿੱਛੇ ਹਟ ਗਿਆ। ਗਵਰਨਰ ਕ੍ਰਿਸ ਸੁਨੂ ਨੇ ਕਿਹਾ ਕਿ ਕੰਪਨੀ ਨੇ ਜੋ ਵੀ ਕੀਤਾ ਭਵਿੱਖ ਵਿਚ ਅਜਿਹਾ ਨਹੀਂ ਹੋਣਾ ਚਾਹੀਦਾ। ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਜਾਨਸਨ ਐਂਡ ਜਾਨਸਨ ਨੇ ਗੁੰਮਰਾਹਕੁੰਨ ਦਾਅਵੇ ਕੀਤੇ ਹਨ ਕਿ ਡਰੱਗ ਘਾਤਕ ਨਹੀਂ ਸੀ। ਜਾਨਸਨ ਐਂਡ ਜਾਨਸਨ ਅਤੇ ਉਸ ਦੇ ਸਹਿਯੋਗੀ ਜੇਨਸਨ ਫਾਰਮਾ ਹਮੇਸ਼ਾ ਇਸ ਗੱਲ ’ਤੇ ਅਟੱਲ ਰਹੇ ਕਿ ਉਹਨਾਂ ਦੀ ਦਵਾਈ ਦੀ ਲਤ ਬਹੁਤ ਘੱਟ ਮਾਮਲਿਆਂ ਵਿਚ ਲੱਗਦੀ ਹੈ।
ਨਿਊ ਹੈਂਪਸ਼ਾਇਰ ਨੂੰ ਫਰਵਰੀ ਵਿਚ 9 ਸਾਲਾਂ ਵਿਚ 26.5 ਕਰੋੜ ਡਾਲਰ ਮਿਲਣੇ ਸੀ। ਤਾਜ਼ਾ ਸਮਝੌਤੇ ਵਿਚ ਉਸ ਨੂੰ ਇਕ ਵਾਰੀ 4.05 ਕਰੋੜ ਡਾਲਰ (323 ਕਰੋੜ ਰੁਪਏ) ਮਿਲਣਗੇ। ਅਮਰੀਕਾ ਵਿਚ ਡਰੱਗ ਕੰਪਨੀਆਂ, ਡਿਸਟ੍ਰੀਬਿਊਟਰਾਂ, ਫਾਰਮੇਸੀਆਂ ਨੇ ਓਪੀਔਡਜ਼ ਅਤੇ ਹੋਰ ਦਵਾਈਆਂ ਤੋਂ ਹੋਣ ਵਾਲੀਆਂ ਮੌਤਾਂ ਅਤੇ ਨੁਕਸਾਨ ਲਈ 4,000 ਕਰੋੜ ਡਾਲਰ (3.18 ਲੱਖ ਕਰੋੜ ਰੁਪਏ) ਦੇ ਸਮਝੌਤੇ ਕੀਤੇ ਗਏ ਹਨ।
ਸਾਲ 2000 ਤੋਂ ਹੁਣ ਤੱਕ ਇਸ ਦਵਾਈ, ਹੋਰ ਕਾਨੂੰਨੀ ਓਪੀਔਡਜ਼ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨਾਲ ਅਮਰੀਕਾ ਵਿਚ 5 ਲੱਖ ਲੋਕਾਂ ਦੀ ਮੌਤ ਹੋਈ ਹੈ। ਨਿਊ ਹੈਂਪਸ਼ਾਇਰ ਵਿਚ 2016 ਵਿਚ 500 ਮੌਤਾਂ ਹੋਈਆਂ, ਜੋ ਕਿ 2000 ਦੇ ਮੁਕਾਬਲੇ 10 ਗੁਣਾ ਹੈ। ਇਸ ਕਾਰਨ ਅਮਰੀਕੀ ਡਰੱਗ ਇਨਫੋਰਸਮੈਂਟ ਨੇ ਸੂਬੇ ਨੂੰ ਸਭ ਤੋਂ ਵੱਧ ਪ੍ਰਭਾਵਿਤ ਦੱਸਿਆ।