
ਹਵਾਈ ਜਹਾਜ਼ ਦੀਆਂ ਟਿਕਟਾਂ ਲੈਣ ਲਈ ਦੇਣੇ ਪੈਣਗੇ ਲੱਖਾਂ ਰੁਪਏ
ਚੰਡੀਗੜ੍ਹ: ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ’ਚ ਜਾਣ ਵਾਲਿਆਂ ’ਚ ਜ਼ਿਆਦਾ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੈ, ਜੋ ਕੈਨੇਡਾ ’ਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ। ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਸਥਿਤ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਸਤੰਬਰ ਮਹੀਨੇ ਤੋਂ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ।
ਇਸ ਸੈਸ਼ਨ ਵਿਚ ਦਾਖਲਾ ਲੈਣ ਵਾਲੇ ਬੱਚੇ ਕੈਨੇਡਾ ਪਹੁੰਚਣ ਦੇ ਇਛੁੱਕ ਹਨ ਪਰ ਹਵਾਈ ਜਹਾਜ਼ ਦੀਆਂ ਟਿਕਟਾਂ ਦਾ ਮੁੱਲ ਵਧਾ ਕੇ 3 ਲੱਖ ਰੁਪਏ ਤੱਕ ਕਰ ਦਿੱਤਾ ਗਿਆ ਹੈ। ਭਾਰਤ ਤੋਂ ਕੈਨੇਡਾ ਪਹੁੰਚਣ ਲਈ 16 ਤੋਂ 20 ਘੰਟੇ ਲੱਗਦੇ ਹਨ। ਕੁਝ ਫਲਾਈਟਾਂ ਸਿੱਧੀਆਂ ਜਾਂਦੀਆਂ ਹਨ ਤਾਂ ਕੁਝ ਦੁਬਈ ਜਾਂ ਹੋਰ ਹਵਾਈ ਅੱਡਿਆਂ ’ਤੇ ਰੁਕ ਕੇ ਜਾਂਦੀਆਂ ਹਨ।
ਔਸਤਨ ਇਕ ਟਿਕਟ ਦਾ ਮੁੱਲ 1 ਲੱਖ 67 ਹਜ਼ਾਰ ਰੁਪਏ ਹੁੰਦਾ ਹੈ ਜੋ ਟੈਕਸ ਦੇ ਨਾਲ 2 ਲੱਖ ਰੁਪਏ ਤੱਕ ਪਹੁੰਚ ਜਾਂਦਾ ਹੈ ਪਰ ਜੇਕਰ ਤੁਸੀਂ ਤਤਕਾਲ ਟਿਕਟ ਲੈਣੀ ਹੋਵੇ ਤਾਂ ਫਿਰ ਟਿਕਟ 3-3 ਲੱਖ ਰੁਪਏ ਤੱਕ ਮਿਲਦੀ ਹੈ। ਟਿਕਟਾਂ ਦੇ ਇਸ ਮਹਿੰਗੇ ਭਾਅ ਨੂੰ ਲੈ ਕੇ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਪ੍ਰੇਸ਼ਾਨ ਹੋ ਰਹੇ ਹਨ।