
ਜਗਸੀਰ ਸਿੰਘ ਬੋਪਾਰਾਏ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਮੈਲਬੌਰਨ : ਐਡੀਲੇਡ ਦੇ ਸਾਲਸਬਰੀ ’ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ 37 ਸਾਲਾ ਜਗਸੀਰ ਸਿੰਘ ਬੋਪਰਾਏ ਸ਼ਨੀਵਾਰ ਨੂੰ ਆਪਣੀ ਕਾਰ ਰਾਹੀਂ ਕੰਮ ’ਤੇ ਜਾ ਰਿਹਾ ਸੀ ਅਤੇ ਅਚਾਨਕ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ। ਜਿਸ ਤੋਂ ਬਾਅਦ ਜਗਸੀਰ ਸਿੰਘ ਦੀ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਹ ਹਾਦਸਾ ਕ੍ਰਾਸ ਕੀਜ਼ ਰੋਡ ’ਤੇ ਵਾਪਰਿਆ। ਹਾਦਸੇ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।
ਮੌਕੇ ’ਤੇ ਪੁੱਜੀਆਂ ਐਮਰਜੈਂਸੀ ਸੇਵਾਵਾਂ ਜਗਸੀਰ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਨਾਕਾਮ ਰਹੀਆਂ ਅਤੇ ਜਗਸੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਿੱਤੇ ਵਜੋਂ ਜਗਸੀਰ ਸਿੰਘ ਬੋਪਾਰਾਏ ਟਰੱਕ ਡਰਾਈਵਰ ਸੀ। ਮ੍ਰਿਤਕ ਜਗਸੀਰ ਦੀ ਮੰਗਣੀ ਹੋਈ ਸੀ ਅਤੇ ਕੁਝ ਕੁ ਹਫਤਿਆਂ ਤੱਕ ਵਿਆਹ ਕਰਵਾਉਣ ਲਈ ਇੰਡੀਆ ਆਉਣਾ ਸੀ। ਇਸ ਹਾਦਸੇ ਨੂੰ ਲੈ ਕੇ ਸਥਾਨਕ ਭਾਈਚਾਰੇ ਵਿੱਚ ਦੁੱਖ ਦਾ ਮਾਹੌਲ ਹੈ ਅਤੇ ਹਾਦਸੇ ਦੇ ਕਾਰਨਾਂ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।