
ਲਾਗਾਰਡੀਆ ਹਵਾਈ ਅੱਡੇ ’ਤੇ ਦੋ ਜਹਾਜ਼ ਆਪਸ ’ਚ ਟਕਰਾਏ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਨਿਊਯਾਰਕ : ਬੁੱਧਵਾਰ ਰਾਤ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਘਟਨਾ ਲਾਗਾਰਡੀਆ ਹਵਾਈ ਅੱਡੇ ’ਤੇ ਉਸ ਸਮੇਂ ਵਾਪਰੀ ਜਦੋਂ ਡੈਲਟਾ ਏਅਰਲਾਈਨਜ਼ ਦੀਆਂ ਦੋ ਉਡਾਣਾਂ ਆਪਸ ਵਿਚ ਟਕਰਾ ਗਈਆਂ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਹਾਦਸਾ ਰਾਤ 9:56 ਵਜੇ (ਸਥਾਨਕ ਸਮੇਂ) ਦੇ ਕਰੀਬ ਵਾਪਰਿਆ। ਜਾਣਕਾਰੀ ਅਨੁਸਾਰ ਇੱਕ ਡੈਲਟਾ ਖੇਤਰੀ ਜੈੱਟ ਗੇਟ ਦੇ ਨੇੜੇ ਆ ਰਿਹਾ ਸੀ ਜਦੋਂ ਕਿ ਇੱਕ ਹੋਰ ਡੈਲਟਾ ਉਡਾਣ ਲੈਂਡਿੰਗ ਤੋਂ ਬਾਅਦ ਗੇਟ ਦੇ ਨੇੜੇ ਆ ਰਹੀ ਸੀ।
ਇਸੇ ਦੌਰਾਨ ਉਨ੍ਹਾਂ ਦੇ ਰਸਤੇ ਟਕਰਾ ਗਏ ਅਤੇ ਖੇਤਰੀ ਜੈੱਟ ਦਾ ਵਿੰਗ ਅਚਾਨਕ ਦੂਜੇ ਦੇ ਨੱਕ ਵਾਲੇ ਹਿੱਸੇ ਨਾਲ ਟਕਰਾ ਗਿਆ। ਟੱਕਰ ਇੰਨੀ ਗੰਭੀਰ ਸੀ ਕਿ ਖੇਤਰੀ ਜੈੱਟ ਦਾ ਵਿੰਗ ਟੁੱਟ ਗਿਆ। ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਤੋਂ ਆਡੀਓ ਦੱਸਦਾ ਹੈ ਕਿ ਪਾਇਲਟਾਂ ਨੇ ਤੁਰੰਤ ਸਥਿਤੀ ਦੀ ਜਾਣਕਾਰੀ ਦਿੱਤੀ ਪਰ ਉਦੋਂ ਤੱਕ, ਹਾਦਸਾ ਹੋ ਚੁੱਕਾ ਸੀ। ਇਸ ਹਾਦਸੇ ਦੌਰਾਨ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਵੀ ਪ੍ਰਾਪਤ ਹੋਈ ਹੈ।