
ਆਪਣੇ ਨਵੇਂ ਸ਼ੋਅ 'ਚ ਦਿਖਾਉਣਗੇ ਯੁੱਧ ਕਾਰਨ ਤਬਾਹ ਹੋਏ ਦੇਸ਼ ਦੇ ਹਾਲਾਤ
ਕੀਵ : 'ਮੈਨ ਵਰਸੇਜ਼ ਵਾਈਲਡ' ਨਾਲ ਦੁਨੀਆ 'ਚ ਆਪਣੀ ਪਛਾਣ ਬਣਾਉਣ ਵਾਲੇ ਬੇਅਰ ਗ੍ਰਿਲਸ ਹਾਲ ਹੀ 'ਚ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਬੇਅਰ ਗ੍ਰਿਲਸ ਜਲਦ ਹੀ ਆਪਣਾ ਨਵਾਂ ਸ਼ੋਅ 'ਆਈ ਗੌਟ ਸੋ ਮਚ ਮੋਰ' ਲੈ ਕੇ ਆ ਰਹੇ ਹਨ, ਜਿਸ 'ਚ ਉਹ ਯੁੱਧ ਪ੍ਰਭਾਵਿਤ ਦੇਸ਼ ਅਤੇ ਇਸ ਦੇ ਵਸਨੀਕਾਂ ਦੇ ਹਾਲਾਤ ਦਿਖਾਉਣਗੇ। ਇਸ ਸਿਲਸਿਲੇ 'ਚ ਉਹ ਸ਼ੂਟਿੰਗ ਲਈ ਇਕ ਹਫਤੇ ਤੱਕ ਕੀਵ 'ਚ ਰਹਿਣ ਵਾਲੇ ਹਨ।
ਯੂਕਰੇਨ ਅਤੇ ਰੂਸ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ ਅਤੇ ਅਜਿਹੇ 'ਚ ਬੇਅਰ ਗ੍ਰਿਲਸ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ। ਬੇਅਰ ਗ੍ਰਿਲਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਇਕ ਲੰਬੀ ਪੋਸਟ ਵੀ ਲਿਖੀ। ਉਨ੍ਹਾਂ ਲਿਖਿਆ, 'ਇਸ ਹਫ਼ਤੇ ਮੈਨੂੰ ਯੂਕਰੇਨ ਦੀ ਰਾਜਧਾਨੀ ਕੀਵ ਦੀ ਯਾਤਰਾ ਕਰਨ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਸਮਾਂ ਬਿਤਾਉਣ ਦਾ ਸੁਭਾਗ ਮਿਲਿਆ। ਇਹ ਮੇਰੇ ਲਈ ਇੱਕ ਨਿਵੇਕਲਾ ਅਨੁਭਵ ਰਿਹਾ ਹੈ।
ਅੱਗੇ, ਉਨ੍ਹਾਂ ਲਿਖਿਆ, 'ਇੱਥੇ ਠੰਡ ਹੈ, ਬੁਨਿਆਦੀ ਢਾਂਚਾ ਤਬਾਹ ਹੋ ਗਿਆ ਹੈ। ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹਨ ਅਤੇ ਜ਼ੇਲੇਂਸਕੀ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਮੌਜੂਦ ਹਨ। ਇਸ ਵਿਸ਼ੇਸ਼ ਪ੍ਰੋਗਰਾਮ ਦੇ ਜ਼ਰੀਏ, ਦੁਨੀਆ ਰਾਸ਼ਟਰਪਤੀ ਜ਼ੇਲੇਂਸਕੀ ਦਾ ਇੱਕ ਅਜਿਹਾ ਪੱਖ ਵੇਖੇਗੀ ਜੋ ਪਹਿਲਾਂ ਕਦੇ ਨਹੀਂ ਦਿਖਾਇਆ ਗਿਆ। ਮੈਂ ਬੱਸ ਇਹ ਪੁੱਛਣਾ ਚਾਹੁੰਦਾ ਸੀ ਕਿ ਉਹ ਅਸਲ ਵਿੱਚ ਇਸ ਸਭ ਦਾ ਕਿਵੇਂ ਮੁਕਾਬਲਾ ਕਰ ਰਹੇ ਹਨ... ਪਰ ਮੈਨੂੰ ਹੋਰ ਬਹੁਤ ਕੁਝ ਦੇਖਣ ਨੂੰ ਮਿਲਿਆ। ਪ੍ਰੋਗਰਾਮ ਜਲਦੀ ਆ ਰਿਹਾ ਹੈ। ਅਜਿਹੇ ਔਖੇ ਸਮੇਂ ਵਿੱਚ ਤੁਹਾਡੀ ਪਰਾਹੁਣਚਾਰੀ ਲਈ ਧੰਨਵਾਦ। ਮਜਬੂਤ ਰਹਿਣਾ... ਇਸ ਦੇ ਨਾਲ ਹੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀ ਬੇਅਰ ਗ੍ਰਿਲਸ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।