ਕਿਹਾ, 'ਕਿਉਂਕਿ ਸਾਨੂੰ ਅਪਣੇ ਗਾਹਕਾਂ ਤਕ ਪਹੁੰਚਣ ਲਈ ਹੋਰ ਮੰਚ ਲੱਭ ਲਏ ਹਨ'
- ਵਾਲਮਾਰਟ ਦਾ ਐਕਸ ਤੋਂ ਇਸ਼ਤਿਹਾਰ ਵਾਪਸ ਲੈਣ ਦਾ ਫੈਸਲਾ ਮਸਕ ਦੀ ਕਾਰਵਾਈ ਦਾ ਸਿੱਧਾ ਨਤੀਜਾ ਨਹੀਂ : ਐਕਸ
San Francisco: ਰਿਟੇਲ ਕੰਪਨੀ ਵਾਲਮਾਰਟ ਨੇ ਪੁਸ਼ਟੀ ਕੀਤੀ ਹੈ ਕਿ ਉਹ ਐਲਨ ਮਸਕ ਦੀ ਕੰਪਨੀ ਐਕਸ (ਪਹਿਲਾਂ ਟਵਿੱਟਰ) ’ਤੇ ਇਸ਼ਤਿਹਾਰ ਨਹੀਂ ਦੇ ਰਹੀ ਹੈ। ਵਾਲਮਾਰਟ ਦੇ ਇਕ ਬੁਲਾਰੇ ਨੇ ਕਿਹਾ, ‘‘ਅਸੀਂ ਐਕਸ ’ਤੇ ਇਸ਼ਤਿਹਾਰ ਨਹੀਂ ਦੇ ਰਹੇ ਕਿਉਂਕਿ ਸਾਨੂੰ ਅਪਣੇ ਗਾਹਕਾਂ ਤਕ ਬਿਹਤਰ ਪਹੁੰਚਣ ਲਈ ਹੋਰ ਮੰਚ ਲੱਭ ਲਏ ਹਨ।’’ ਵਾਲਮਾਰਟ ਦੇ ਜਾਣ ਨਾਲ ਪਿਛਲੇ ਮਹੀਨੇ ਮਸਕ ਦੇ ਯਹੂਦੀ ਵਿਰੋਧੀ ਪੋਸਟ ਦੀ ਹਮਾਇਤ ਕਰਨ ਤੋਂ ਬਾਅਦ ਐਕਸ ਛੱਡਣ ਵਾਲੀਆਂ ਫਰਮਾਂ ਦੀ ਵਧਦੀ ਸੂਚੀ ’ਚ ਵਾਧਾ ਹੋਇਆ ਹੈ। ਐਪਲ, ਡਿਜ਼ਨੀ, ਆਈ.ਬੀ.ਐਮ., ਕਾਮਕਾਸਟ ਅਤੇ ਵਾਰਨਰ ਬ੍ਰਦਰਜ਼ ਡਿਸਕਵਰੀ ਉਨ੍ਹਾਂ ਕੰਪਨੀਆਂ ’ਚ ਸ਼ਾਮਲ ਹਨ ਜੋ ਹੁਣ ਐਕਸ ’ਤੇ ਇਸ਼ਤਿਹਾਰ ਨਹੀਂ ਖਰੀਦ ਰਹੀਆਂ ਹਨ।
ਇਸ ਘਟਨਾਕ੍ਰਮ ਤੋਂ ਬਾਅਦ, ਐਕਸ ਦੇ ਸੰਚਾਲਨ ਮੁਖੀ ਜੋ ਬਨਾਰਰੋਕ ਨੇ ਕਿਹਾ ਕਿ ਉਨ੍ਹਾਂ ਦੇ ਮੰਚ ’ਤੇ ਇਸ਼ਤਿਹਾਰ ਦੇਣ ਵਾਲੇ ਬ੍ਰਾਂਡ ਵੱਡੀ ਮਾਤਰਾ ’ਚ ਖਪਤਕਾਰਾਂ ਦੇ ਸਾਹਮਣੇ ਆਉਣ ਦੇ ਯੋਗ ਹੁੰਦੇ ਹਨ। ਬਨਾਰੋਕ ਨੇ ਕਿਹਾ ਕਿ ਵਾਲਮਾਰਟ ਦੀ ਐਕਸ ਨਾਲ ਸ਼ਾਨਦਾਰ ਦੋਸਤੀ ਰਹੀ ਹੈ ਅਤੇ ਐਕਸ ’ਤੇ ਅੱਧੇ ਅਰਬ ਲੋਕਾਂ ਦੇ ਨਾਲ, ਹਰ ਸਾਲ ਮੰਚ ਇਕੱਲੇ ਛੁੱਟੀਆਂ ਬਾਰੇ 15 ਅਰਬ ਲੋਕ ਇਸ਼ਤਿਹਾਰਾਂ ਨੂੰ ਵੇਖਦੇ ਹਨ ਅਤੇ 50 ਫ਼ੀ ਸਦੀ ਤੋਂ ਵੱਧ ਐਕਸ ਖਪਤਕਾਰ ਅਪਣੀ ਜ਼ਿਆਦਾਤਰ ਜਾਂ ਸਾਰੀ ਖਰੀਦਦਾਰੀ ਆਨਲਾਈਨ ਕਰਦੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਵਾਲਮਾਰਟ ਦਾ ਐਕਸ ਤੋਂ ਇਸ਼ਤਿਹਾਰ ਵਾਪਸ ਲੈਣ ਦਾ ਫੈਸਲਾ ਮਸਕ ਦੀ ਕਾਰਵਾਈ ਦਾ ਸਿੱਧਾ ਨਤੀਜਾ ਨਹੀਂ ਹੈ ਅਤੇ ਵਾਲਮਾਰਟ ਹੋਰ ਤਰੀਕਿਆਂ ਨਾਲ ਮੰਚ ’ਤੇ ਸਰਗਰਮ ਹੈ। ਬਨਾਰੋਕ ਨੇ ਕਿਹਾ, ‘‘ਵਾਲਮਾਰਟ ਨੇ ਅਕਤੂਬਰ ਤੋਂ ਐਕਸ ’ਤੇ ਇਸ਼ਤਿਹਾਰ ਨਹੀਂ ਦਿਤਾ ਹੈ, ਇਸ ਲਈ ਇਹ ਹਾਲੀਆ ਰੁਕਾਵਟ ਨਹੀਂ ਹੈ, ਕੰਪਨੀ ਐਕਸ ’ਤੇ 10 ਲੱਖ ਤੋਂ ਵੱਧ ਲੋਕਾਂ ਦੇ ਅਪਣੇ ਭਾਈਚਾਰੇ ਨਾਲ ਜੁੜ ਰਹੀ ਹੈ।’’
ਇਸ ਹਫਤੇ ਦੀ ਸ਼ੁਰੂਆਤ ’ਚ ਮਸਕ ਨੇ ਸੋਸ਼ਲ ਮੀਡੀਆ ’ਤੇ ਅਪਣੀ ਹੁਣ ਤਕ ਦੀ ਸਭ ਤੋਂ ਖਰਾਬ ਪੋਸਟ ਲਈ ਮੁਆਫੀ ਮੰਗੀ ਸੀ। ਹਾਲਾਂਕਿ, ਉਨ੍ਹਾਂ ਨੇ ਉਨ੍ਹਾਂ ਸਪਾਂਸਰਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਨੇ ਉਨ੍ਹਾਂ ਦੀ ਸਾਈਟ ਨੂੰ ਛੱਡ ਦਿਤਾ। ਮਸਕ ਨੇ ਨਿਊਯਾਰਕ ਟਾਈਮਜ਼ ਡੀਲਬੁੱਕ ਸੰਮੇਲਨ ’ਚ ਕਿਹਾ, ‘‘ਮੈਂ ਨਹੀਂ ਚਾਹੁੰਦਾ ਕਿ ਉਹ ਇਸ਼ਤਿਹਾਰ ਦੇਣ। ਜੇ ਕੋਈ ਮੈਨੂੰ ਇਸ਼ਤਿਹਾਰਬਾਜ਼ੀ ਨਾਲ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਮੈਨੂੰ ਪੈਸੇ ਨਾਲ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਜੋ ਮਰਜ਼ੀ ਕਰ ਕੇ ਵੇਖ ਲਉ।’’
(For more news apart from Why Walmart has removed it's advertisements from Elon Musk's 'X', stay tuned to Rozana Spokesman)