ਪਰਿਵਾਰ ਨੇ ਇਮਰਾਨ ਖਾਨ ਦੇ ਜਿਉਂਦੇ ਹੋਣ ਦਾ ਮੰਗਿਆ ਸਬੂਤ
ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਰਾਵਲਪਿੰਡੀ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਹ ਫ਼ੈਸਲਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਦੀਆਂ ਅਫ਼ਵਾਹਾਂ ਅਤੇ ਦੇਸ਼ ਵਿਚ ਅਸ਼ਾਂਤੀ ਦੇ ਡਰ ਦੇ ਵਿਚਕਾਰ ਆਇਆ ਹੈ। ਇਸ ਦੇ ਤਹਿਤ 3 ਦਸੰਬਰ ਤੱਕ ਕਿਸੇ ਵੀ ਜਨਤਕ ਮੀਟਿੰਗ, ਰੈਲੀ, ਜਲੂਸ, ਧਰਨਾ, ਪ੍ਰਦਰਸ਼ਨ ਜਾਂ ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।ਡਿਪਟੀ ਕਮਿਸ਼ਨਰ ਡਾ. ਹਸਨ ਵਕਾਰ ਨੇ ਇਸ ਸੰਬੰਧੀ ਇਕ ਆਦੇਸ਼ ਜਾਰੀ ਕੀਤਾ।
ਇਸ ਆਦੇਸ਼ ਵਿਚ ਹਥਿਆਰ, ਡੰਡੇ, ਗੁਲੇਲਾਂ, ਪੈਟਰੋਲ ਬੰਬ ਅਤੇ ਵਿਸਫੋਟਕ ਸਮੱਗਰੀ ਲੈ ਕੇ ਜਾਣ 'ਤੇ ਪਾਬੰਦੀ ਹੈ। ਨਫ਼ਰਤ ਭਰੇ ਭਾਸ਼ਣ, ਪੁਲਿਸ ਬੈਰੀਕੇਡ ਹਟਾਉਣ ਦੀ ਕੋਸ਼ਿਸ਼, ਮੋਟਰਸਾਈਕਲ 'ਤੇ ਦੋ ਲੋਕਾਂ ਦੀ ਸਵਾਰੀ ਅਤੇ ਲਾਊਡਸਪੀਕਰਾਂ ਦੀ ਵਰਤੋਂ 'ਤੇ ਵੀ ਸਖ਼ਤੀ ਨਾਲ ਪਾਬੰਦੀ ਹੈ। ਇਹ ਫ਼ੈਸਲਾ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਵਲੋਂ ਅੱਜ ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਅਤੇ ਰਾਵਲਪਿੰਡੀ (ਅਦਿਆਲਾ ਜੇਲ੍ਹ) ਵਿਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਹੈ।
