
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਲੰਗਰ ਲਈ ਅਪਣੇ ਵੱਲੋਂ ਜੋ ਰਸਦ ਲੈ ਕੇ ਜਾਂਦੀ ਸੀ
ਲਾਹੌਰ: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਲੰਗਰ ਲਈ ਅਪਣੇ ਵੱਲੋਂ ਜੋ ਰਸਦ ਲੈ ਕੇ ਜਾਂਦੀ ਸੀ, ਉਸ ‘ਤੇ ਇਮੀਗ੍ਰੇਸ਼ਨ ਅਤੇ ਕਸਟਮ ਅਧਿਕਾਰੀਆਂ ਨੇ ਰੋਕ ਲਗਾ ਦਿੱਤੀ ਹੈ। ਉੱਥੇ ਹੀ ਰੋਕ ਲੱਗਣ ਦਾ ਕਾਰਨ ਪੁੱਛਣ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਸੰਗਤ ਡੇਰਾ ਬਾਬਾ ਨਾਨਕ ਦੇ ਮੁੱਖ ਟਰਮੀਨਲ ‘ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀ। ਉਹਨਾਂ ਕੋਲ ਲੰਗਰ ਲਈ ਦਾਲ, ਚਾਹ ਪੱਤੀ, ਚੀਨੀ, ਸਬਜ਼ੀਆਂ ਦੇ ਨਾਲ-ਨਾਲ ਕੁਝ ਹੋਰ ਖਾਣ ਵਾਲੀਆਂ ਚੀਜ਼ਾਂ ਵੀ ਸਨ। ਭਾਰਤੀ ਚੈੱਕ ਪੋਸਟ ‘ਤੇ ਸਟਮ ਵਿਭਾਗ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਲੰਗਰ ਦੀ ਇਸ ਰਸਦ ਨੂੰ ਪਾਕਿਸਤਾਨ ਲਿਜਾਉਣ ਦੀ ਮਨਜ਼ੂਰੀ ਨਹੀਂ ਦਿੱਤੀ।
ਸ਼ਰਧਾਲੂਆਂ ਕੋਲੋਂ ਰਸਦ ਲੈ ਕੇ ਟਰਮੀਨਲ ‘ਤੇ ਹੀ ਰਖਵਾ ਲਈ ਗਈ। ਸ਼ਰਧਾਲੂਆਂ ਨੂੰ ਕਿਹਾ ਗਿਆ ਕਿ ਉਹ ਵਾਪਸੀ ਸਮੇਂ ਇਹ ਰਸਦ ਲੈ ਕੇ ਜਾ ਸਕਦੇ ਹਨ। ਇਕ ਸ਼ਰਧਾਲੂ ਨੇ ਦੱਸਿਆ ਕਿ ਜਦੋਂ ਦਰਸ਼ਨ ਕਰ ਕੇ ਪਰਤੇ ਤਾਂ ਉਹ ਸਮਾਨ ਜ਼ਬਤ ਕਰ ਲਿਆ ਗਿਆ। ਸ਼ਰਧਾਲੂਆਂ ਦਾ ਕਹਿਣਾ ਸੀ ਕਿ ਪਾਕਿਸਤਾਨ ਦੇ ਟਰਮੀਨਲ ਵਿਚ ਅਜਿਹੀ ਕੋਈ ਰੋਕ ਨਹੀਂ ਹੈ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਂਵਾਲ ਨੇ ਕਿਹਾ ਕਿ ਸੰਗਤ ਅਪਣੀ ਸ਼ਰਧਾ ਅਨੁਸਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਲਈ ਰਸਦ ਲੈ ਕੇ ਜਾਂਦੀ ਹੈ। ਇਹ ਸ਼ਰਧਾ ਹੈ। ਇਸ ਤੋਂ ਇਲਾਵਾ ਲੰਗਰ ਲਈ ਇਸ ਰਸਦ ਦੀ ਜ਼ਰੂਰਤ ਵੀ ਹੈ। ਇਸ ‘ਤੇ ਪਾਬੰਧੀ ਲੱਗਣਾ ਮਾੜੀ ਗੱਲ ਹੈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਨਾਲ ਗੱਲਬਾਤ ਕਰੇਗੀ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਉੱਥੋਂ ਦੀ ਸੰਗਤ ‘ਤੇ ਗੁਰਪੁਰਬ ਦੇ ਮੌਕੇ ‘ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰੋਕ ਲਗਾਈ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਗੁਰਦੁਆਰੇ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਰਹਿਣੇ ਚਾਹੀਦੇ ਹਨ।