
ਇਮਰਾਨ ਸਮਰਥਕ ਉਮੀਦਵਾਰ ਨੂੰ 92 ਵੋਟਾਂ ਮਿਲੀਆਂ
Shehbaz Sharif News in Punjabi: ਇਸਲਾਮਾਬਾਦ, 3 ਮਾਰਚ: ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐੱਨ.) ਦੇ ਸੀਨੀਅਰ ਨੇਤਾ ਸ਼ਾਹਬਾਜ਼ ਸ਼ਰੀਫ ਨੇ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਦਰਮਿਆਨ ਨਵੀਂ ਚੁਣੀ ਗਈ ਸੰਸਦ ’ਚ ਆਸਾਨੀ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਐਤਵਾਰ ਨੂੰ ਦੂਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ। ਉਹ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ।
ਪੀ.ਐਮ.ਐਲ.-ਐਨ. ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਸਾਂਝੇ ਉਮੀਦਵਾਰ ਸ਼ਾਹਬਾਜ਼ ਨੇ 336 ਮੈਂਬਰੀ ਸਦਨ ’ਚ 201 ਵੋਟਾਂ ਹਾਸਲ ਕੀਤੀਆਂ, ਜੋ ਸਦਨ ਦਾ ਨੇਤਾ ਬਣਨ ਲਈ ਲੋੜੀਂਦੀਆਂ ਵੋਟਾਂ ਦੀ ਗਿਣਤੀ ਤੋਂ 32 ਵੱਧ ਹਨ। ਉਨ੍ਹਾਂ ਦੇ ਵਿਰੋਧੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਉਮਰ ਅਯੂਬ ਖਾਨ ਨੂੰ 92 ਵੋਟਾਂ ਮਿਲੀਆਂ।
ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਸ਼ਾਹਬਾਜ਼ ਨੂੰ ਪਾਕਿਸਤਾਨ ਦਾ 24ਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਨਵੀਂ ਸੰਸਦ ਦਾ ਇਜਲਾਸ ਪੀ.ਟੀ.ਆਈ. ਸਮਰਥਿਤ ਸੰਸਦ ਮੈਂਬਰਾਂ ਦੇ ਹੰਗਾਮੇ ਅਤੇ ਨਾਅਰੇਬਾਜ਼ੀ ਦੇ ਵਿਚਕਾਰ ਬੁਲਾਇਆ ਗਿਆ ਸੀ।
ਪੀ.ਟੀ.ਆਈ. ਸਮਰਥਕ ਮੈਂਬਰਾਂ ਨੇ ਇਮਰਾਨ ਖਾਨ ਦੀ ਜੇਲ੍ਹ ਦੇ ਹਵਾਲੇ ਨਾਲ ‘ਆਜ਼ਾਦੀ’ ਅਤੇ ‘ਕੈਦੀ 804’ ਵਰਗੇ ਨਾਅਰੇ ਲਗਾਏ। ਪੀ.ਟੀ.ਆਈ. ਸਮਰਥਕ ਕੁੱਝ ਸੰਸਦ ਮੈਂਬਰਾਂ ਨੇ ਇਮਰਾਨ ਖਾਨ ਦੇ ਪੋਸਟਰ ਵੀ ਲਹਿਰਾਏ।
ਇਮਰਾਨ ਸਮਰਥਕ ਨਾਅਰਿਆਂ ਦੇ ਜਵਾਬ ਵਿਚ ਪੀ.ਐਮ.ਐਲ.-ਐਨ. ਦੇ ਸੰਸਦ ਮੈਂਬਰਾਂ ਨੇ ਖਾਨ ਵਿਰੁਧ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਦੇ ਸੰਦਰਭ ਵਿਚ ‘ਨਵਾਜ਼ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਅਤੇ ਵਿਰੋਧੀ ਮੈਂਬਰਾਂ ਵਲ ਗੁੱਟ ਘੜੀਆਂ ਲਹਿਰਾਈਆਂ। ਪੀ.ਐਮ.ਐਲ.-ਐਨ. ਪਾਰਟੀ ਦੇ ਮੁਖੀ ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਦੀ ਚੋਣ ਲਈ ਸ਼ਾਹਬਾਜ਼ ਦੇ ਸਮਰਥਨ ’ਚ ਵੋਟ ਪਾਉਣ ਵਾਲੇ ਪਹਿਲੇ ਲੋਕਾਂ ’ਚੋਂ ਇਕ ਸਨ। ਵੋਟਿੰਗ ਤੋਂ ਪਹਿਲਾਂ ਪੀ.ਟੀ.ਆਈ. ਨੇ ਕਿਹਾ ਕਿ ਚੰਗਾ ਹੁੰਦਾ ਜੇ ਪੀ.ਐਮ.ਐਲ.-ਐਨ. ਮੁਖੀ ਨਵਾਜ਼ ਸ਼ਰੀਫ ਹਾਰ ਮਨਜ਼ੂਰ ਕਰ ਲੈਂਦੇ।
‘ਐਕਸ’ ’ਤੇ ਇਕ ਪੋਸਟ ’ਚ ਪਾਰਟੀ ਨੇ ਕਿਹਾ, ‘‘... ਪਰ ਉਨ੍ਹਾਂ ਨੇ ਸ਼ਰਮ ਨਾਲ ਜਿਉਣ ਦੀ ਚੋਣ ਕੀਤੀ। ਹਾਰਨ ਵਾਲਿਆਂ ਦੇ ਇਸ ਹਾਰੇ ਹੋਏ ਗੱਠਜੋੜ ਖਾਸ ਕਰ ਕੇ ਨਵਾਜ਼ ਸ਼ਰੀਫ ਅਤੇ ਮਰੀਅਮ ਲਈ ਹਰ ਦਿਨ ਪਿਛਲੇ ਦਿਨ ਨਾਲੋਂ ਬਦਤਰ ਹੋਵੇਗਾ।’’ ਸ਼ਾਹਬਾਜ਼ ਨੇ ਅਪ੍ਰੈਲ 2022 ਤੋਂ ਅਗੱਸਤ 2023 ਤਕ ਪ੍ਰਧਾਨ ਮੰਤਰੀ ਵਜੋਂ ਗੱਠਜੋੜ ਸਰਕਾਰ ਦੀ ਅਗਵਾਈ ਕੀਤੀ ਸੀ।
ਸ਼ਰੀਫ ਦੀ ਅਗਵਾਈ ਵਾਲੀ ਪਾਰਟੀ 8 ਫ਼ਰਵਰੀ ਨੂੰ ਹੋਈਆਂ ਚੋਣਾਂ ’ਚ ਸਪੱਸ਼ਟ ਬਹੁਮਤ ਹਾਸਲ ਕਰਨ ’ਚ ਅਸਫਲ ਰਹੀ ਸੀ। ਹਾਲਾਂਕਿ ਤਕਨੀਕੀ ਤੌਰ ’ਤੇ ਇਹ 265 ’ਚੋਂ 75 ਸੀਟਾਂ ਨਾਲ ਸੱਭ ਤੋਂ ਵੱਡੀ ਪਾਰਟੀ ਹੈ। ਪੀ.ਪੀ.ਪੀ. ਤੋਂ ਇਲਾਵਾ ਸ਼ਾਹਬਾਜ਼ ਨੂੰ ਮੁਤਾਹਿਦਾ ਕੌਮੀ ਮੂਵਮੈਂਟ (ਐਮ.ਕਿਊ.ਐਮ.-ਪੀ.), ਪਾਕਿਸਤਾਨ ਮੁਸਲਿਮ ਲੀਗ (ਕਿਊ), ਬਲੋਚਿਸਤਾਨ ਅਵਾਮੀ ਪਾਰਟੀ, ਪਾਕਿਸਤਾਨ ਮੁਸਲਿਮ ਲੀਗ (ਜ਼ੈੱਡ), ਇਸਤੇਕਮ-ਏ-ਪਾਕਿਸਤਾਨ ਪਾਰਟੀ ਅਤੇ ਨੈਸ਼ਨਲ ਪਾਰਟੀ ਦਾ ਵੀ ਸਮਰਥਨ ਹਾਸਲ ਹੈ।
(For more news apart from Shehbaz Sharif Elected As Pakistan's PM For 2nd Term News In Punjabi:, stay tuned to Rozana Spokesman)