
ਜਾਬੀ ਸਾਹਿਤ ਸਭਾ ਐਬਟਸਫੋਰਡ ਦੀ ਮਾਸਿਕ ਇਕੱਤਰਤਾ ਮੌਕੇ ਪੰਜਾਬੀ ਲੇਖਕਾ ਸਤਵੰਤ ਕੌਰ ਪੰਧੇਰ ਦੀ ਪੁਸਤਕ 'ਰੂਹਾਂ ਦੀਆਂ ਪੈੜਾਂ'......
ਵੈਨਕੂਵਰ : ਪੰਜਾਬੀ ਸਾਹਿਤ ਸਭਾ ਐਬਟਸਫੋਰਡ ਦੀ ਮਾਸਿਕ ਇਕੱਤਰਤਾ ਮੌਕੇ ਪੰਜਾਬੀ ਲੇਖਕਾ ਸਤਵੰਤ ਕੌਰ ਪੰਧੇਰ ਦੀ ਪੁਸਤਕ 'ਰੂਹਾਂ ਦੀਆਂ ਪੈੜਾਂ' ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਲੋਕ ਅਰਪਣ ਕੀਤੀ। ਇਸ ਮੌਕੇ ਡਾ. ਘੁੰਮਣ ਨੇ ਫ਼ਖਰ ਮਹਿਸੂਸ ਕਰਦਿਆਂ ਲੇਖਿਕਾ ਨੂੰ ਪੁਸਤਕ ਦੀ ਵਧਾਈ ਦਿਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਅੱਜ ਇਕ ਲੇਖਿਕਾ ਦੀ ਪੁਸਤਕ ਰੀਲੀਜ਼ ਕਰ ਕੇ ਅਪਣੇ ਆਪ 'ਚ ਬਹੁਤ ਚੰਗਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਪਹਿਲੀ ਪੁਸਤਕ ਹੋਵੇ ਜਿਹੜੀ ਕਿ ਪੂਰੀ ਪਸ਼ੂ ਪੰਛੀਆਂ ਉੱਪਰ ਲਿਖੀ ਗਈ ਹੈ।
ਸਟੇਜ਼ ਦੀ ਜਿੰਮੇਵਾਰੀ ਸੰਭਾਲਦਿਆਂ ਉੱਘੀ ਨਾਵਲਕਾਰ ਹਰਕੀਰਤ ਕੌਰ ਚਾਹਲ ਨੇ ਬੜੇ ਵਧੀਆਂ ਢੰਗ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਪੁਸਤਕ ਬਾਰੇ ਗੱਲ ਕਰਦਿਆਂ ਪ੍ਰੋਗਰਾਮ ਨੂੰ ਅੱਗੇ ਤੋਰਿਆ। ਸਤਵੰਤ ਕੌਰ ਪੰਧੇਰ ਵਲੋਂ ਲਿਖੀ 112 ਸਫ਼ੇ ਦੀ ਇਹ ਪੁਸਤਕ ਵਾਰਤਕ 'ਚ ਹੈ, ਜਿਸ ਵਿਚ ਦੋ ਕਵਿਤਾਵਾਂ ਅਤੇ 33 ਛੋਟੀਆਂ ਕਹਾਣੀਆਂ ਹਨ, ਜਿਹੜੀਆਂ ਕਿ ਪਸ਼ੂਆਂ ਤੇ ਪੰਛੀਆਂ ਉੱਪਰ ਲਿਖੀਆਂ ਗਈਆਂ ਹੈ। ਇਸ ਤੋਂ ਪਹਿਲਾਂ ਲੇਖਕ ਦੀ 'ਮਗਨੋਲੀਏ ਦੇ ਫੁੱਲ' ਪੁਸਤਕ ਰੀਲੀਜ਼ ਹੋਈ ਸੀ ਜਿਸ 'ਚ ਕੁਦਰਤ ਬਾਰੇ ਲਿਖਿਆ ਸੀ।
ਇਸ ਮੌਕੇ ਪੰਜਾਬ ਭਵਨ ਤੋਂ ਸੁੱਖੀ ਬਾਠ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਕੇਵਲ ਸਿੰਘ ਨਿਰਦੋਸ਼, ਡਾ. ਕੁਲਦੀਪ ਸਿੰਘ ਚਾਹਲ, ਮਹਿਮਾ ਸਿੰਘ ਤੂਰ, ਬੀਬੀ ਗੁਰਬਚਨ ਕੌਰ ਢਿੱਲੋਂ, ਮੀਨੂੰ ਬਾਵਾ, ਮੁਲਖ ਰਾਜ ਪ੍ਰੇਮੀ, ਹਰਚੰਦ ਬਾਗੜੀ, ਬੀਬੀ ਇੰਦਰਜੀਤ ਕੌਰ ਸਿੱਧੂ, ਗੁਰਬਖਸ਼ ਸਿੰਘ ਢੱਟ, ਸੁਰਜੀਤ ਸਹੋਤਾ ਅਤੇ ਗੁਰਮੀਤ ਸਿੰਘ ਟਿਵਾਣਾ ਉਚੇਚੇ ਤੌਰ 'ਤੇ ਸ਼ਾਮਲ ਸਨ।