
ਜਾਸੂਸੀ ਦੇ ਦੋਸ਼ ’ਚ 78 ਸਾਲਾਂ ਦੇ ਅਮਰੀਕੀ ਨਾਗਰਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਈ ਚੇਤਾਵਨੀ
ਬੀਜਿੰਗ: ਮਨਮਰਜ਼ੀ ਵਾਲੇ ਤਰੀਕੇ ਨਾਲ ਕਾਨੂੰਨ ਲਾਗੂ ਕਰਨ, ਨਿਕਾਸ ਪਾਬੰਦੀਆਂ ਅਤੇ ਗ਼ਲਤ ਤਰੀਕੇ ਨਾਲ ਹਿਰਾਸਤ ’ਚ ਲੈਣ ਦੇ ਜੋਖਮ ਦੇ ਮੱਦੇਨਜ਼ਰ ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਚੀਨ ਦੀ ਯਾਤਰਾ ’ਤੇ ਮੁੜਵਿਚਾਰ ਕਰਨ ਦੀ ਸਲਾਹ ਜਾਰੀ ਕੀਤੀ ਹੈ।ਕਿਸੇ ਖ਼ਾਸ ਮਾਮਲੇ ਦਾ ਹਵਾਲਾ ਤਾਂ ਨਹੀਂ ਦਿਤਾ ਗਿਆ ਪਰ ਇਹ ਸਲਾਹ ਮਈ ’ਚ ਜਾਸੂਸੀ ਦੇ ਦੋਸ਼ ’ਚ 78 ਸਾਲਾਂ ਦੇ ਅਮਰੀਕੀ ਨਾਗਰਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਈ ਹੈ।
ਇਹ ਪਿਛਲੇ ਹਫਤੇ (ਚੀਨ ਦੇ) ਵਿਆਪਕ ਵਿਦੇਸ਼ੀ ਸਬੰਧ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਆਇਆ ਹੈ ਜੋ ਚੀਨ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਵਿਰੁਧ ਜਵਾਬੀ ਕਦਮ ਚੁੱਕਣ ਦੀ ਧਮਕੀ ਦਿੰਦਾ ਹੈ। ਚੀਨ ਨੇ ਪਿੱਛੇ ਜਿਹੇ ਵਿਆਪਕ ਰੂਪ ’ਚ ਲਿਖਤੀ ਜਾਸੂਸੀ ਰੋਕੂ ਇਕ ਕਾਨੂੰਨ ਵੀ ਪਾਸ ਕੀਤਾ ਹੈ ਜਿਸ ਤਹਿਤ ਦਫ਼ਤਰਾਂ ’ਤੇ ਛਾਪੇ ਮਾਰੇ ਗਏ ਹਨ। ਇਸ ਨਾਲ ਵਿਦੇਸ਼ੀ ਵਪਾਰ ਭਾਈਚਾਰੇ ’ਚ ਤਰਥੱਲੀ ਮਚੀ ਹੋਈ ਹੈ ਇਸ ਦੇ ਨਾਲ ਹੀ ਵਿਦੇਸ਼ੀ ਆਲੋਚਕਾਂ ’ਤੇ ਪਾਬੰਦੀ ਲਾਉਣ ਲਈ ਇਕ ਕਾਨੂੰਨ ਵੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਡਿਊਟੀ ਨਿਭਾਉਂਦਿਆਂ ਹਾਦਸਿਆਂ ਵਿਚ ਜਾਨ ਗੁਆਉਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਵਾਰਸਾਂ ਨੂੰ 2 ਕਰੋੜ ਰੁਪਏ ਦੇ ਚੈੱਕ ਸੌਂਪੇ
ਅਮਰੀਕੀ ਸਲਾਹ ’ਚ ਕਿਹਾ ਗਿਆ ਹੈ, ‘‘ਪੀਪਲਜ਼ ਰਿਪਬਲਿਕ ਆਫ਼ ਚਾਈਨਾ (ਪੀ.ਆਰ.ਸੀ.) ਸਰਕਾਰ ਕਾਨੂੰਨ ਹੇਠ ਨਿਰਪੱਖ ਅਤੇ ਪਾਰਦਰਸ਼ੀ ਪ੍ਰਕਿਰਿਆ ਤੋਂ ਬਗ਼ੈਰ, ਮਨਮਰਜ਼ੀ ਵਾਲੇ ਤਰੀਕੇ ਨਾਲ ਸਥਾਨਕ ਕਾਨੂੰਨਾਂ ਨੂੰ ਲਾਗੂ ਕਰਦੀ ਹੈ, ਜਿਸ ’ਚ ਅਮਰੀਕੀ ਨਾਗਰਿਕਾਂ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ’ਤੇ ਨਿਕਾਸ ਪਾਬੰਦੀਆਂ ਜਾਰੀ ਕਰਨਾ ਸ਼ਾਮਲ ਹੈ।’’
ਸਲਾਹ ’ਚ ਕਿਹਾ ਗਿਆ ਹੈ, ‘‘ਪੀ.ਆਰ.ਸੀ. ’ਚ ਸਫ਼ਰ ਕਰਨ ਵਾਲੇ ਜਾਂ ਰਹਿਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਅਮਰੀਕੀ ਸਫ਼ਾਰਤਖ਼ਾਨਾ ਸੇਵਾਵਾਂ ਤਕ ਪਹੁੰਚ ਤੋਂ ਬਗ਼ੈਰ ਜਾਂ ਉਨ੍ਹਾਂ ਦੇ ਕਥਿਤ ਅਪਰਾਧ ਬਾਰੇ ਜਾਣਕਾਰੀ ਤੋਂ ਬਗ਼ੈਰ ਹਿਰਾਸਤ ’ਚ ਲਿਆ ਜਾ ਸਕਦਾ ਹੈ।’’