ਰਾਜ ਦੀ ਸੈਨੇਟਰ ਆਈਸ਼ਾ ਵਹਾਬ ਵਲੋਂ ਪੇਸ਼ ਕੀਤਾ ਬਿੱਲ 34-1 ਵੋਟਾਂ ਨਾਲ ਹੋਇਆ ਸੀ ਪਾਸ
ਕੈਲੀਫ਼ੋਰਨੀਆ : ਇਹਨਾਂ ਦਿਨਾਂ ਵਿਚ ਕੈਲੀਫ਼ੋਰਨੀਆ ਵਿਚ ਇਕ ਬਿੱਲ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਵਿਚ ਜਾਤ ਨੂੰ ਲੈ ਕੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦਾ। ਯਾਦ ਰਹੇ, ਇਥੋਂ ਦੀਆਂ ਕੰਪਿਊਟਰ ਅਤੇ ਆਈ ਟੀ ਕੰਪਨੀਆਂ ਵਿਚ ਭਾਰਤ ਉੱਚ ਜਾਤੀ ਖ਼ਾਸ ਕਰ ਬ੍ਰਾਹਮਣ ਵਲੋਂ ਨੀਵੀਆਂ ਸਮਝੀਆਂ ਜਾਤੀਆਂ ਖ਼ਾਸ ਕਰ ਦਲਿਤ ਭਾਈਚਾਰੇ ਨਾਲ ਵਿਤਕਰੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਸ ਮਸਲੇ ਨੂੰ ਲੈ ਕੇ ਰਾਜ ਦੀ ਸੈਨੇਟਰ ਆਈਸ਼ਾ ਵਹਾਬ ਨੇ ਇਕ ਬਿੱਲ ਪੇਸ਼ ਕੀਤਾ ਜਿਸ ਨਾਲ ਨੌਕਰੀਆਂ ਆਦਿ ਵਿਚ ਇਹ ਵਿਤਕਰਾ ਕਰਨ ਵਾਲੇ ਨੂੰ ਸਜ਼ਾ ਮਿਲ ਸਕੇਗੀ। ਸੈਨੇਟ ਵਿਚ ਇਹ ਬਿੱਲ 34-1 ਵੋਟਾਂ ਨਾਲ ਪਾਸ ਹੋ ਗਿਆ ਸੀ ਅਤੇ ਹੁਣ ਇਸ ਬਿੱਲ ਨੇ ਅਸੈਂਬਲੀ ਵਿਚ ਜਾਣਾ ਹੈ। ਉਸ ਤੋਂ ਪਹਿਲਾਂ ਭਾਰਤੀਆਂ ਵਿਚ ਖਿੱਚੋਤਾਣ ਵਧੀ ਹੋਈ ਹੈ, ਬ੍ਰਾਹਮਣ ਇਸ ਬਿੱਲ ਵਿਰੋਧੀ ਹਨ ਅਤੇ ਦਲਿਤ ਭਾਈਚਾਰੇ ਨੇ ਇਸ ਨੂੰ ਪਾਸ ਕਰਾਉਣ ਲਈ ਪੂਰੀ ਕੋਸ਼ਿਸ਼ ਕੀਤੀ ਹੋਈ ਹੈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਛਾਉਣੀ ਵਿਖੇ 4 ਜੁਲਾਈ ਤੋਂ ਹੋਵੇਗੀ ਫ਼ੌਜ ਦੀ ਭਰਤੀ ਰੈਲੀ
ਸਿੱਖ ਵੀ ਇਸ ਬਿੱਲ ਨੂੰ ਪਾਸ ਕਰਾਉਣ ਲਈ ਦਲਿਤ ਅਤੇ ਭਾਰਤ ਦੀਆਂ ਹੋਰ ਘੱਟ-ਗਿਣਤੀਆਂ ਨਾਲ ਖੜੇ ਹਨ। ਕੈਲੀਫ਼ੋਰਨੀਆ ਦੇ ਤਕਰੀਬਨ ਸਾਰੇ ਵੱਡੇ ਗੁਰਦੁਆਰੇ ਅਤੇ ਸੰਸਥਾਵਾਂ ਇਸ ਬਿੱਲ ਦੀ ਹਮਾਇਤ ਤੇ ਉੱਤਰ ਆਈਆਂ ਹਨ। ਜਕਾਰਾ ਦੇ ਭਾਈ ਨੈਣਦੀਪ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤ ਦੀ ਨਜ਼ਰ ਵਿਚ ਅਸੀਂ ਜਾਤੀ ਵਿਤਕਰਾ ਕਰਨ ਵਾਲੀ ਕੌਮ ਨਾਲ ਨਹੀਂ ਖੜ੍ਹ ਸਕਦੇ।
ਉਨ੍ਹਾਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਕੁੱਝ ਲੋਕਾਂ ਨੇ ਯੂਬਾ ਸਿਟੀ ਦੇ ਕੁੱਝ ਗੁਰੂ ਘਰਾਂ ਨੂੰ ਗੁੰਮਰਾਹ ਕਰ ਕੇ ਇਸ ਬਿੱਲ ਦੀ ਵਿਰੋਧਤਾ ਕਰਵਾ ਦਿਤੀ ਸੀ ਅਤੇ ਦੁਨੀਆਂ ਵਿਚ ਖ਼ਬਰਾਂ ਲਗਵਾਈਆਂ ਕਿ ਸਿੱਖ ਬਿੱਲ ਦਾ ਵਿਰੋਧ ਕਰ ਰਹੇ ਹਨ ਪਰ ਅੱਜ ਸਾਰੇ ਗੁਰੂ ਘਰਾਂ ਨੇ ਇਕੱਠੇ ਹੋ ਕੇ ਇਸ ਬਿੱਲ ਦੀ ਹਮਾਇਤ ਕਰਣ ਦਾ ਫ਼ੈਸਲਾ ਲਿਆ ਹੈ।