
ਘਟਨਾ ’ਚ 59 ਲੋਕ ਜ਼ਖਮੀ ਹੋਏ
ਕਿੰਸ਼ਾਸਾ: ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਦੀ ਇਕ ਮੁੱਖ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ 129 ਕੈਦੀਆਂ ਦੀ ਮੌਤ ਹੋ ਗਈ। ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਮੌਤ ਭਾਜੜ ਵਿਚ ਹੋਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਕਾਂਗੋ ਦੇ ਗ੍ਰਹਿ ਮੰਤਰੀ ਜੈਕਮਿਨ ਸ਼ਬਾਨੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਕਿਨਸ਼ਾਸਾ ’ਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਨੇ ਭੀੜ-ਭੜੱਕੇ ਵਾਲੀ ਮਕਾਲਾ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਦੀਆਂ ਨੂੰ ਚੇਤਾਵਨੀ ਦੇਣ ਲਈ ਗੋਲੀਬਾਰੀ ਕੀਤੀ, ਜਿਸ ’ਚ 24 ਕੈਦੀ ਮਾਰੇ ਗਏ।
ਉਨ੍ਹਾਂ ਕਿਹਾ ਹੈ ਕਿ ਘਟਨਾ ’ਚ 59 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਸਰਕਾਰ ਕਰਵਾ ਰਹੀ ਹੈ। ਇਸ ਦੇ ਨਾਲ ਹੀ ਔਰਤਾਂ ਨਾਲ ਜਬਰ ਜਨਾਹ ਦੇ ਕੁੱਝ ਮਾਮਲੇ ਵੀ ਸਾਹਮਣੇ ਆਏ ਹਨ।’’ ਉਨ੍ਹਾਂ ਕਿਹਾ ਕਿ ਜੇਲ੍ਹ ’ਚ ਕਾਨੂੰਨ ਵਿਵਸਥਾ ਲਾਗੂ ਕਰ ਦਿਤੀ ਗਈ ਹੈ। ਇਸ ਘਟਨਾ ’ਚ ਜੇਲ੍ਹ ਦੇ ਇਕ ਹਿੱਸੇ ਨੂੰ ਅੱਗ ਲਾ ਦਿਤੀ ਗਈ ਸੀ।
ਐਮਨੈਸਟੀ ਇੰਟਰਨੈਸ਼ਨਲ ਨੇ ਦੇਸ਼ ’ਤੇ ਅਪਣੀ ਤਾਜ਼ਾ ਰੀਪੋਰਟ ’ਚ ਕਿਹਾ ਕਿ ਮਕਾਲਾ ਜੇਲ੍ਹ ਕਾਂਗੋ ਦੀ ਮੁੱਖ ਜੇਲ੍ਹ ਹੈ, ਜਿਸ ’ਚ 1500 ਕੈਦੀ ਰਹਿ ਸਕਦੇ ਹਨ ਪਰ 12,000 ਕੈਦੀ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਮੁਕੱਦਮੇ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਨ। ਜੇਲ੍ਹ ’ਚ ਪਹਿਲਾਂ ਵੀ ਕੈਦੀਆਂ ਦੇ ਭੱਜਣ ਦੀਆਂ ਘਟਨਾਵਾਂ ਹੋ ਚੁਕੀਆਂ ਹਨ। ਇਨ੍ਹਾਂ ’ਚ 2017 ਦੀ ਘਟਨਾ ਵੀ ਸ਼ਾਮਲ ਹੈ ਜਿਸ ’ਚ ਇਕ ਧਾਰਮਕ ਸੰਪਰਦਾ ਨੇ ਸੈਂਕੜੇ ਕੈਦੀਆਂ ਨੂੰ ਰਿਹਾਅ ਕਰਵਾਇਆ ਸੀ।
ਸਥਾਨਕ ਵਸਨੀਕਾਂ ਨੇ ਦਸਿਆ ਕਿ ਗੋਲੀਬਾਰੀ ਐਤਵਾਰ ਅੱਧੀ ਰਾਤ ਦੇ ਕਰੀਬ ਸ਼ੁਰੂ ਹੋਈ ਅਤੇ ਸੋਮਵਾਰ ਸਵੇਰ ਤਕ ਜਾਰੀ ਰਹੀ। ਇਕ ਸੀਨੀਅਰ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਇਸ ਘਟਨਾ ਵਿਚ ਸਿਰਫ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ, ਜਿਸ ਨੂੰ ਅਧਿਕਾਰ ਕਾਰਕੁਨਾਂ ਨੇ ਵਿਵਾਦਿਤ ਸ਼ਖਸੀਅਤ ਦਸਿਆ ਹੈ।
ਜੇਲ੍ਹ ’ਚੋਂ ਸਾਹਮਣੇ ਆਏ ਵੀਡੀਉ ’ਚ ਲਾਸ਼ਾਂ ਜ਼ਮੀਨ ’ਤੇ ਪਈਆਂ ਵਿਖਾਈ ਦੇ ਰਹੀਆਂ ਹਨ। ਉਨ੍ਹਾਂ ਵਿਚੋਂ ਕਈਆਂ ਦੇ ਸਰੀਰ ’ਤੇ ਸੱਟ ਦੇ ਨਿਸ਼ਾਨ ਹਨ। ਹੋਰ ਵੀਡੀਉ ’ਚ ਕੈਦੀ ਮਾਰੇ ਗਏ ਅਪਣੇ ਸਾਥੀ ਕੈਦੀਆਂ ਦੀਆਂ ਲਾਸ਼ਾਂ ਨੂੰ ਗੱਡੀ ’ਚ ਪਾਉਂਦੇ ਨਜ਼ਰ ਆ ਰਹੇ ਹਨ।
ਜੇਲ੍ਹ ’ਚ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਸੰਕੇਤ ਨਹੀਂ ਸਨ। ਇਹ ਜੇਲ੍ਹ ਰਾਸ਼ਟਰਪਤੀ ਭਵਨ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਸ਼ਹਿਰ ਦੇ ਕੇਂਦਰ ’ਚ ਸਥਿਤ ਹੈ। ਉਪ ਨਿਆਂ ਮੰਤਰੀ ਮਬੇਂਬਾ ਕਾਬੁਆ ਨੇ ਸਥਾਨਕ ਚੋਟੀ ਦੇ ਕਾਂਗੋ ਐਫ.ਐਮ. ਰੇਡੀਓ ਨੂੰ ਦਸਿਆ ਕਿ ਅਜਿਹਾ ਜਾਪਦਾ ਹੈ ਕਿ ਜੇਲ੍ਹ ਤੋੜਨ ਦੀ ਯੋਜਨਾ ਜੇਲ੍ਹ ਦੇ ਕੈਦੀਆਂ ਨੇ ਬਣਾਈ ਸੀ।
ਹਮਲੇ ਤੋਂ ਬਾਅਦ ਜੇਲ੍ਹ ਵਲ ਜਾਣ ਵਾਲੀ ਸੜਕ ਦੀ ਘੇਰਾਬੰਦੀ ਕਰ ਦਿਤੀ ਗਈ ਸੀ ਅਤੇ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਨਿਆਂ ਮੰਤਰੀ ਕਾਂਸਟੈਂਟ ਮੁਤੰਬਾ ਨੇ ਇਸ ਹਮਲੇ ਨੂੰ ‘ਜੇਲ੍ਹ ਤੋੜਨ ਦੀ ਯੋਜਨਾਬੱਧ ਸਾਜ਼ਸ਼’ ਕਰਾਰ ਦਿਤਾ ਹੈ। ਉਨ੍ਹਾਂ ਜੇਲ੍ਹਾਂ ਤੋਂ ਕੈਦੀਆਂ ਦੇ ਤਬਾਦਲੇ ’ਤੇ ਪਾਬੰਦੀ ਲਗਾਉਣ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ ਪ੍ਰਸ਼ਾਸਨ ਭੀੜ ਨੂੰ ਘਟਾਉਣ ਲਈ ਹੋਰ ਯਤਨਾਂ ਤੋਂ ਇਲਾਵਾ ਨਵੀਆਂ ਜੇਲ੍ਹਾਂ ਦਾ ਨਿਰਮਾਣ ਕਰੇਗਾ।