
ਪਾਰਕ ਦਾ ਉਦਘਾਟਨ 28 ਸਤੰਬਰ ਨੂੰ ਕੀਤਾ ਗਿਆ ਸੀ।
ਬਰੈਂਪਟਨ- ਹਾਲ ਹੀ ਵਿੱਚ ਕੈਨੇਡਾ ’ਚ ਉਦਘਾਟਨ ਕੀਤੇ ਗਏ ‘ਸ਼੍ਰੀ ਭਗਵਦ ਗੀਤਾ’ ਪਾਰਕ ਵਿੱਚ ਭੰਨਤੋੜ ਦੀ ਘਟਨਾ ਤੋਂ ਕੈਨੇਡੀਅਨ ਅਧਿਕਾਰੀਆਂ ਨੇ ਇਨਕਾਰ ਕੀਤਾ ਹੈ। ਅਧਿਕਾਰੀਆਂ ਦੀ ਇਹ ਪ੍ਰਤੀਕਿਰਿਆ ਭਾਰਤ ਵੱਲੋਂ ਇਸ ਘਟਨਾ ਦੀ ਨਿੰਦਾ ਕਰਨ ਅਤੇ ਸ਼ਹਿਰ ਦੇ ਪ੍ਰਸ਼ਾਸਨ ਨੂੰ ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਨ ਤੋਂ ਕੁਝ ਦੇਰ ਬਾਅਦ ਆਈ ਹੈ। ਇਸ ਪਾਰਕ ਨੂੰ ਪਹਿਲਾਂ ਟਰੋਅਰਜ਼ ਪਾਰਕ ਵਜੋਂ ਜਾਣਿਆ ਜਾਂਦਾ ਸੀ ਅਤੇ ਬਾਅਦ ਵਿੱਚ ਇਸ ਨੂੰ ਸ਼੍ਰੀ ਭਗਵਦ ਗੀਤਾ ਪਾਰਕ ਦਾ ਨਾਮ ਦਿੱਤਾ ਗਿਆ ਸੀ ਜਿਸ ਦਾ ਉਦਘਾਟਨ 28 ਸਤੰਬਰ ਨੂੰ ਕੀਤਾ ਗਿਆ ਸੀ।
ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਅਸੀਂ ਬਰੈਂਪਟਨ ਦੇ ਸ਼੍ਰੀ ਭਗਵਦ ਗੀਤਾ ਪਾਰਕ ਵਿੱਚ ਨਫ਼ਰਤੀ ਅਪਰਾਧ ਦੀ ਨਿੰਦਾ ਕਰਦੇ ਹਾਂ। ਅਸੀਂ ਕੈਨੇਡੀਅਨ ਅਧਿਕਾਰੀਆਂ ਅਤੇ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕਰਦੇ ਹਾਂ।
ਇਸ ਤੋਂ ਬਾਅਦ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਐਤਵਾਰ ਰਾਤ ਨੂੰ ਟਵਿੱਟਰ 'ਤੇ ਇਸ ਮਾਮਲੇ ਨੂੰ ਸਪੱਸ਼ਟ ਕੀਤਾ।
ਉਨ੍ਹਾਂ ਨੇ ਟਵੀਟ ਕੀਤਾ ਕਿ ਹਾਲ ਹੀ ਵਿੱਚ ਉਦਘਾਟਨ ਕੀਤੇ ਭਗਵਦ ਗੀਤਾ ਪਾਰਕ ਦੀ ਭੰਨ ਤੋੜ ਬਾਰੇ ਆਈ ਰਿਪੋਰਟ ਤੋਂ ਬਾਅਦ ਅਸੀਂ ਮਾਮਲੇ ਦੀ ਜਾਂਚ ਲਈ ਤੁਰੰਤ ਕਾਰਵਾਈ ਕੀਤੀ। ਸਾਨੂੰ ਪਤਾ ਲੱਗਾ ਕਿ ਬਿਲਡਰ ਨੇ ਸਾਈਟ ਨੂੰ ਛੱਡ ਦਿੱਤਾ ਸੀ ਤਾਂ ਜੋ ਸ਼੍ਰੀ ਭਗਵਦ ਗੀਤਾ ਪਾਰਕ ਦਾ ਸਥਾਈ ਚਿੰਨ੍ਹ ਉੱਥੇ ਲਗਾਇਆ ਜਾ ਸਕੇ।
ਬ੍ਰਾਊਨ ਨੇ ਇਹ ਮੁੱਦਾ ਚੁੱਕਣ ਲਈ ਭਾਰਤੀ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਹ ਮੁੱਦਾ ਸਾਹਮਣੇ ਆਇਆ।ਅਸੀਂ ਇਸ ਮੁੱਦੇ ਨੂੰ ਸਾਡੇ ਧਿਆਨ ਵਿੱਚ ਲਿਆਉਣ ਅਤੇ ਬਰੈਂਪਟਨ ਨੂੰ ਇੱਕ ਸੁਰੱਖਿਅਤ ਅਤੇ ਸਮਾਵੇਸ਼ੀ ਸਥਾਨ ਬਣਾਉਣ ਲਈ ਭਾਈਚਾਰੇ (ਭਾਰਤੀਆਂ) ਦਾ ਧੰਨਵਾਦ ਕਰਦੇ ਹਾਂ। ਇਹ ਕੋਈ ਆਮ ਪ੍ਰਤੀਕਿਰਿਆ ਨਹੀਂ ਹੈ ਕਿਉਂਕਿ ਅਸੀਂ ਕਿਸੇ ਨਿਸ਼ਾਨ ਨੂੰ ਉਦੋਂ ਤੱਕ ਨਹੀਂ ਹਟਾਉਂਦੇ ਜਦੋਂ ਤੱਕ ਉਸ ਨੂੰ ਨੁਕਸਾਨ ਨਾ ਪਹੁੰਚਿਆ ਹੋਵੇ ਜਾਂ ਉਸ ਦਾ ਨਾਮ ਬਦਲਿਆ ਨਹੀਂ ਜਾਂਦਾ।