
ਇੱਕ ਸੰਸਦ ਮੈਂਬਰ ਸਮੇਤ 4 ਜ਼ਖ਼ਮੀ
ਇਸਲਾਮਾਬਾਦ - ਵੀਰਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਾਂਗ ਮਾਰਚ ਵਿਚ ਇੱਕ ਵਿਅਕਤੀ ਨੇ ਗੋਲੀਬਾਰੀ ਕੀਤੀ। ਇਕ ਰਿਪੋਰਟ ਮੁਤਾਬਕ ਇਮਰਾਨ ਦੀ ਸੱਜੀ ਲੱਤ ਵਿਚ ਗੋਲੀ ਲੱਗੀ ਹੈ। ਉਹ ਜ਼ਖਮੀ ਹਨ ਅਤੇ ਉਹਨਾਂ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸ ਦੀ ਹਾਲਤ ਸਥਿਰ ਹੈ। ਇਸ ਘਟਨਾ 'ਚ ਇਮਰਾਨ ਦੇ ਇਕ ਸੰਸਦ ਮੈਂਬਰ ਫੈਜ਼ਲ ਜਾਵੇਦ ਸਮੇਤ ਚਾਰ ਸਮਰਥਕ ਜ਼ਖਮੀ ਹੋ ਗਏ। ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
'ਡਾਨ ਨਿਊਜ਼' ਮੁਤਾਬਕ ਇਮਰਾਨ ਖਾਨ ਦਾ ਮਾਰਚ ਪੰਜਾਬ ਦੇ ਵਜ਼ੀਰਾਬਾਦ ਇਲਾਕੇ 'ਚ ਪਹੁੰਚਿਆ ਸੀ। ਜਿਸ ਕੰਟੇਨਰ 'ਤੇ ਇਮਰਾਨ ਮੌਜੂਦ ਸੀ। ਉਸ ਦੇ ਨੇੜੇ ਗੋਲੀਬਾਰੀ ਕੀਤੀ ਗਈਸੀ। ਇਕ ਪੀਟੀਆਈ ਆਗੂ ਇਮਰਾਨ ਇਸਮਾਈਲ ਨੇ ਦੱਸਿਆ ਕਿ ਇਮਰਾਨ ਖ਼ਾਨ ਦੀ ਲੱਤ ਵਿਚ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ ਹਨ। ਜਦੋਂ ਹਮਲਾ ਹੋਇਆ ਤਾਂ ਉਹ ਇਮਰਾਨ ਦੇ ਨਾਲ ਸੀ।
ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਏ.ਕੇ.-47 ਨਾਲ ਗੋਲੀਬਾਰੀ ਕੀਤੀ ਅਤੇ ਉਹ ਕੰਟੇਨਰ ਦੇ ਬਿਲਕੁਲ ਨੇੜੇ ਸੀ। ਜ਼ਿਕਰਯੋਗ ਹੈ ਕਿ ਹਮਲਾਵਰ ਬਾਰੇ ਦੋ ਗੱਲਾਂ ਸਾਹਮਣੇ ਆ ਰਹੀਆਂ ਹਨ। ਨਿਊਜ਼ ਏਜੰਸੀ ਏਐਫਪੀ ਨੇ ਉਸ ਦੇ ਸਹਿਯੋਗੀ ਦੇ ਹਵਾਲੇ ਨਾਲ ਦੱਸਿਆ ਕਿ ਹਮਲਾਵਰ ਮਾਰਿਆ ਗਿਆ। ਜਦੋਂ ਕਿ ਡਾਨ ਦੀ ਖਬਰ ਮੁਤਾਬਕ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਸੁਰੱਖਿਆ ਕਰਮਚਾਰੀਆਂ ਨੇ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਹੈ।