ਭਾਰਤ ਨਾਲ ਗ਼ੈਰ ਫ਼ੌਜੀ ਪ੍ਰਮਾਣੂ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਮਝੌਤੇ ਉਤੇ ਹੋਣਗੇ ਦਸਤਖਤ
ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ 4-5 ਦਸੰਬਰ ਨੂੰ ਭਾਰਤ ਦੌਰੇ ਦੌਰਾਨ ਗ਼ੈਰਫ਼ੌਜੀ ਪ੍ਰਮਾਣੂ ਊਰਜਾ ਖੇਤਰ ’ਚ ਦੁਵਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਸਮਝੌਤੇ ਉਤੇ ਦਸਤਖਤ ਕਰਨ ਲਈ ਰੂਸ ਦੀ ਕੈਬਨਿਟ ਨੇ ਮਨਜ਼ੂਰੀ ਦੇ ਦਿਤੀ ਹੈ।
ਸਥਾਨਕ ਮੀਡੀਆ ਰੀਪੋਰਟਾਂ ਮੁਤਾਬਕ ਰੂਸ ਦੀ ਸਰਕਾਰੀ ਪ੍ਰਮਾਣੂ ਊਰਜਾ ਕੰਪਨੀ ਰੋਸਾਟੋਮ ਨੂੰ ਰੂਸ ਸਰਕਾਰ ਨੇ ਭਾਰਤ ਦੇ ਸਬੰਧਤ ਅਧਿਕਾਰੀਆਂ ਨਾਲ ਸਮਝੌਤੇ ਉਤੇ ਦਸਤਖਤ ਕਰਨ ਦਾ ਅਧਿਕਾਰ ਦੇ ਦਿਤਾ ਹੈ। ਕੰਪਨੀ ਤਾਮਿਲਨਾਡੂ ਵਿਚ ਕੁਡਨਕੁਲਮ ਪ੍ਰਮਾਣੂ ਊਰਜਾ ਪ੍ਰਾਜੈਕਟ ਦੇ ਤਹਿਤ ਕਈ ਰਿਐਕਟਰ ਬਣਾ ਰਹੀ ਹੈ।
ਰੂਸੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਭਾਰਤੀ ਮੀਡੀਆ ਨੂੰ ਦਸਿਆ ਕਿ ਰੋਸਾਟੋਮ ਦੇ ਸੀ.ਈ.ਓ. ਅਲੇਕਸੀ ਲੀਗਾਚੇਵ ਭਾਰਤ ਜਾ ਰਹੇ ਹਨ ਅਤੇ ਉਹ ਨਵੀਂ ਦਿੱਲੀ ਵਿਚ ਸਿਖਰ ਸੰਮੇਲਨ ਵਿਚ ਛੋਟੇ ਮਾਡਿਊਲਰ ਰਿਐਕਟਰਾਂ ਦੇ ਨਿਰਮਾਣ ਸਮੇਤ ਕਈ ਸਹਿਯੋਗ ਪ੍ਰਸਤਾਵਾਂ ਦਾ ਵਿਸਥਾਰ ਨਾਲ ਵੇਰਵਾ ਪੇਸ਼ ਕਰਨਗੇ।
ਇਸ ਤੋਂ ਪਹਿਲਾਂ ਦੀਆਂ ਰੀਪੋਰਟਾਂ ਵਿਚ ਕਿਹਾ ਗਿਆ ਸੀ ਕਿ ਰੋਸਾਟੋਮ ਨੇ ਇਹ ਵੀ ਕਿਹਾ ਹੈ ਕਿ ਉਹ ਭਾਰਤ ਵਿਚ ਰੂਸ ਦੇ ਡਿਜ਼ਾਈਨ ਕੀਤੇ ਉੱਨਤ ਰਿਐਕਟਰਾਂ ਨੂੰ ਸਥਾਨਕ ਬਣਾਉਣ ਲਈ ਤਿਆਰ ਹੈ।
