
ਸ਼ਰਾਬ ਦੀ ਹਾਲਤ ਵਿਚ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਲੰਦਨ: ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਆਪਣੇ ਜਵਾਈ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਵਿਚ ਅੱਠ ਸਾਲ ਤੋਂ ਵੱਧ ਦੀ ਜੇਲ੍ਹ ਹੋਈ ਹੈ। ਇਕ ਰਿਪੋਰਟ ਅਨੁਸਾਰ ਭਜਨ ਸਿੰਘ, ਜੋ ਕਿ ਕੌਰਨਵਾਲ ਰੋਡ, ਹੈਂਡਸਵਰਥ 'ਤੇ ਆਪਣੇ ਘਰ ਵਿੱਚ ਆਪਣੀ ਧੀ, ਉਸਦੇ ਦੋ ਬੱਚਿਆਂ ਅਤੇ ਜਵਾਈ ਨਾਲ ਰਹਿੰਦਾ ਸੀ, ਨੇ ਆਪਣੇ ਜਵਾਈ ਦੀ ਗਰਦਨ 'ਤੇ ਇੱਕ ਹਥਿਆਰ ਨਾਲ ਹਮਲਾ ਕਰ ਦਿੱਤਾ।
ਬਰਮਿੰਘਮ ਕ੍ਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਦੋਸ਼ੀ ਭਜਨ ਸਿੰਘ ਨੇ ਪਿਛਲੇ ਸਾਲ ਅਪ੍ਰੈਲ 'ਚ ਸ਼ਰਾਬੀ ਹਾਲਤ 'ਚ ਆਪਣੇ 30 ਸਾਲਾ ਜਵਾਈ 'ਤੇ ਹਮਲਾ ਕੀਤਾ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਸਿੰਘ ਉਸੇ ਫੈਕਟਰੀ ਵਿੱਚ ਕੰਮ ਕਰਦਾ ਹੈ ਜਿਥੇ ਉਸ ਦਾ ਜਵਾਈ ਕੰਮ ਕਰਦਾ ਸੀ ਅਤੇ ਉਨ੍ਹਾਂ ਵਿਚਕਾਰ ਕਦੇ ਕੋਈ ਲ਼ੜਾਈ ਨਹੀਂ ਹੋਈ।
ਸਰਕਾਰੀ ਵਕੀਲ ਐਲੇਕਸ ਵਾਰੇਨ ਨੇ ਕਿਹਾ ਕਿ ਪੀੜਤਾ ਨੂੰ ਸ਼ੁਰੂਆਤ 'ਚ ਉਸ ਦੀ ਗਰਦਨ ਦੇ ਪਿਛਲੇ ਹਿੱਸੇ 'ਤੇ ਮਾਮੂਲੀ ਸੱਟ ਲੱਗੀ ਸੀ ਪਰ ਬਾਅਦ 'ਚ ਉਸ ਨੂੰ ਅਹਿਸਾਸ ਹੋਇਆ ਕਿ ਦੋਸ਼ੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ ਹੈ। ਅਜਿਹੇ 'ਚ ਪੀੜਤਾ ਨੇ ਖੁਦ ਨੂੰ ਬਚਾਉਣ ਲਈ ਆਪਣਾ ਖੱਬਾ ਹੱਥ ਚੁੱਕਿਆ, ਜਿਸ ਕਾਰਨ ਉਸ ਦੀ ਖੱਬੀ ਹਥੇਲੀ 'ਤੇ ਵੀ ਸੱਟ ਲੱਗ ਗਈ ਅਤੇ ਖੂਨ ਵਹਿਣ ਲੱਗਾ।
ਅਦਾਲਤ ਨੇ ਨੋਟ ਕੀਤਾ ਕਿ ਹਮਲੇ ਵਿਚ ਪੀੜਤਾ ਦੀ ਵਿਚਕਾਰਲੀ ਉਂਗਲੀ 'ਤੇ ਡੂੰਘੇ ਸੱਟ ਲੱਗ ਗਈ ਸੀ, ਜਿਸ ਲਈ ਦੋ ਸਰਜਰੀਆਂ ਦੀ ਲੋੜ ਸੀ।
ਹਮਲੇ ਤੋਂ ਬਚਣ ਲਈ, ਪੀੜਤ ਇੱਕ ਗੁਆਂਢੀ ਦੇ ਘਰ ਭੱਜ ਗਿਆ, ਜਿਸ ਨੇ ਆਪਣੇ ਸਹੁਰੇ ਤੋਂ ਬਚਾਉਣ ਲਈ ਸ਼ੋਰ ਮਚਾਇਆ। ਜੱਜ ਨੇ ਕਿਹਾ ਕਿ ਜਦੋਂ ਪਿੱਛਿਓਂ ਹਮਲਾ ਕੀਤਾ ਗਿਆ ਤਾਂ ਪੀੜਤਾ ਪੂਰੀ ਤਰ੍ਹਾਂ ਅਣਜਾਣ ਸੀ।