ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਸਥਾਨਕ ਭਾਈਚਾਰੇ ਨੇ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ
ਗ੍ਰੇਵਸੈਂਡ: ਇੰਗਲੈਂਡ ਦੇ ਕੈਂਟ ਸਥਿਤ ਗ੍ਰੇਵਸੈਂਡ ਦੇ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਚ ਨਵੇਂ ਸਾਲ ਵਾਲੇ ਦਿਨ ਕੁੱਝ ਵਿਅਕਤੀਆਂ ਵਲੋਂ ਹੰਗਾਮਾ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਸੀ। ਇਸ ਘਟਨਾ ਦੇ ਸਬੰਧ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਰਦੁਆਰਾ ਸਾਹਿਬ ਦੇ ਬੁਲਾਰੇ ਜਗਦੇਵ ਸਿੰਘ ਵਿਰਦੀ ਨੇ ਦਸਿਆ ਕਿ ਇਹ ਘਟਨਾ ਸਥਾਨਕ ਸੰਗਤ ਨਾਲ ਸਬੰਧਤ ਨਹੀਂ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬਾਹਰੋਂ ਆਏ ਕੁੱਝ ਵਿਅਕਤੀਆਂ ਦਾ ਆਪਸੀ ਨਿੱਜੀ ਝਗੜਾ ਸੀ, ਜੋ ਬਦਕਿਸਮਤੀ ਨਾਲ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਵਧ ਗਿਆ।
ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਸਥਾਨਕ ਭਾਈਚਾਰੇ ਨੇ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸੂਤਰਾਂ ਅਨੁਸਾਰ ਪੁਲਿਸ ਨੂੰ ਵੀਰਵਾਰ ਦੁਪਹਿਰ ਲਗਭਗ 3:40 ਵਜੇ ਘਟਨਾ ਦੀ ਸੂਚਨਾ ਮਿਲੀ ਸੀ। ਪੁਲਿਸ ਅਤੇ ਪੈਰਾਮੈਡਿਕਸ ਤੁਰਤ ਮੌਕੇ ’ਤੇ ਪਹੁੰਚੇ। ਇਸ ਹੰਗਾਮੇ ਦੌਰਾਨ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਡਾਰਟਫ਼ੋਰਡ ਦੇ ਨੇੜੇ ਏ2 (12) ਲੰਡਨ-ਬਾਉਂਡ ਸੜਕ ਤੋਂ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ। ਫ਼ਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। (ਏਜੰਸੀ)
