ਮਾਦੂਰੋ ਖ਼ਿਲਾਫ਼ ਮੈਨਹੈਟਨ ਦੀ ਫੈਡਰਲ ਕੋਰਟ ’ਚ ਚੱਲਗੇ ਡਰੱਗਜ਼ ਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਮਾਮਲਿਆਂ ਦਾ ਮੁਕੱਦਮਾ
ਕਾਰਾਕਾਸ : ਅਮਰੀਕਾ ਨੇ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਨੂੰ ਬਦਲ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰੇਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਪ-ਰਾਸ਼ਟਰਪਤੀ ਡੇਲਸੀ ਰੋਡਰੀਗਜ਼ ਨੂੰ ਅੰਤਰਿਮ ਰਾਸ਼ਟਰਪਤੀ ਬਣਾਇਆ ਹੈ। ਵੈਨੇਜ਼ੂਏਲਾ ਦੇ ਸੁਪਰੀਮ ਕੋਰਟ ਨੇ ਡੇਲਸੀ ਨੂੰ ਕਾਰਜਭਾਰ ਸੰਭਾਲਣ ਲਈ ਕਿਹਾ ਹੈ।
ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਨੂੰ 4 ਜਨਵਰੀ ਦੀ ਅੱਧੀ ਰਾਤ ਨੂੰ ਅਮਰੀਕਾ ਲਿਆਂਦਾ ਗਿਆ। ਅਮਰੀਕੀ ਫ਼ੌਜ ਦਾ ਜਹਾਜ਼ ਨਿਊਯਾਰਕ ਦੇ ਸਟੂਅਰਟ ਏਅਰ ਨੈਸ਼ਨਲ ਗਾਰਡ ਬੇਸ ਤੇ ਉਤਰਿਆ। ਸਖ਼ਤ ਸੁਰੱਖਿਆ ਵਿਚਕਾਰ ਮਾਦੂਰੋ ਨੂੰ ਜਹਾਜ਼ ਤੋਂ ਉਤਾਰਿਆ ਗਿਆ। ਉਹ ਨੀਲੇ ਰੰਗ ਦੀ ਜੈਕੇਟ ਵਿੱਚ ਸਨ, ਉਨ੍ਹਾਂ ਦੇ ਹੱਥਾਂ ਵਿੱਚ ਹਥਕੜੀਆਂ ਸਨ। ਇਸ ਦੌਰਾਨ ਉਹ ਲੰਗੜਾਉਂਦੇ ਹੋਏ ਨਜ਼ਰ ਆਏ।
ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਬੇਸ ਤੇ ਬਣੇ ਹੈਂਗਰ ਵਿੱਚ ਰੱਖਿਆ ਗਿਆ, ਜਿੱਥੇ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ। ਇਸ ਤੋਂ ਬਾਅਦ ਮਾਦੂਰੋ ਨੂੰ ਨਿਊਯਾਰਕ ਸਿਟੀ ਦੇ ਮੈਨਹੈਟਨ ਲਿਜਾਇਆ ਗਿਆ, ਜਿੱਥੇ ਕਾਨੂੰਨੀ ਕਾਰਵਾਈ ਕੀਤੀ ਗਈ। ਕਾਨੂੰਨੀ ਕਾਰਵਾਈ ਤੋਂ ਬਾਅਦ ਮਾਦੂਰੋ ਨੂੰ ਬਰੁਕਲਿਨ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਜਾਵੇਗਾ। ਅਗਲੇ ਹਫ਼ਤੇ ਮੈਨਹੈਟਨ ਦੀ ਫੈਡਰਲ ਕੋਰਟ ਵਿੱਚ ਉਨ੍ਹਾਂ ਤੇ ਡਰੱਗਜ਼ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਮਾਮਲਿਆਂ ਵਿੱਚ ਮੁਕੱਦਮਾ ਚੱਲੇਗਾ। ਅਮਰੀਕੀ ਫ਼ੌਜੀਆਂ ਨੇ 3 ਜਨਵਰੀ ਦੀ ਰਾਤ ਵੈਨੇਜ਼ੂਏਲਾ ਤੇ ਹਮਲਾ ਕਰਕੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰੇਸ ਨੂੰ ਅਗਵਾ ਕਰ ਲਿਆ ਸੀ।
