
ਬ੍ਰਿਟੇਨ ਦੀ ਮਹਾਰਾਣੀ ਐਲੀਜਾਬੇਥ ਦੂਜੀ ਦੇ 96 ਸਾਲਾ ਪਤੀ ਪ੍ਰਿੰਸ ਫਿਲਿਪ ਦੀ ਸਿਹਤ ਅਚਾਨਕ ਖ਼ਰਾਬ ਹੋਣ ਦੀ ਖ਼ਬਰ ਆਈ ਹੈ। ਪ੍ਰਿੰਸ ਫਿਲਿਪ ਨੂੰ ਮੰਗਲਵਾਰ ਦੇਰ ਰਾਤ ਲੰਡਨ..
ਲੰਡਨ : ਬ੍ਰਿਟੇਨ ਦੀ ਮਹਾਰਾਣੀ ਐਲੀਜਾਬੇਥ ਦੂਜੀ ਦੇ 96 ਸਾਲਾ ਪਤੀ ਪ੍ਰਿੰਸ ਫਿਲਿਪ ਦੀ ਸਿਹਤ ਅਚਾਨਕ ਖ਼ਰਾਬ ਹੋਣ ਦੀ ਖ਼ਬਰ ਆਈ ਹੈ। ਪ੍ਰਿੰਸ ਫਿਲਿਪ ਨੂੰ ਮੰਗਲਵਾਰ ਦੇਰ ਰਾਤ ਲੰਡਨ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਬਕਿੰਘਮ ਪੈਲੇਸ ਵਲੋਂ ਜਾਰੀ ਇਕ ਬਿਆਨ ਵਿਚ ਇਸ ਗੱਲ ਦੀ ਜਾਣਕਾਰੀ ਦਿਤੀ ਗਈ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਪ੍ਰਿੰਸ ਫਿਲਿਪ ਦੇ ਚੁਕਲੇ (ਹਿੱਪ) ਦੀ ਸਰਜਰੀ ਕੀਤੀ ਜਾਵੇਗੀ। ਉਹ ਪਿਛਲੇ ਕੁੱਝ ਦਿਨਾਂ ਤੋਂ ਹਿੱਪ ਵਿਚ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ। ਤੁਹਾਨੂੰ ਦਸ ਦੇਈਏ ਕਿ ਫਿਲਿਪ ਪਿਛਲੇ ਸਾਲ ਜਨਤਕ ਜੀਵਨ (ਪਬਲਿਕ ਲਾਈਫ) ਤੋਂ ਸੇਵਾਮੁਕਤ ਹੋਏ ਹਨ ਪਰ ਇਸ ਦੌਰਾਨ ਉਹ ਕਈ ਵਾਰ ਐਲੀਜਾਬੇਥ ਨਾਲ ਸ਼ਾਹੀ ਪ੍ਰੋਗਰਾਮਾਂ ਵਿਚ ਨਜ਼ਰ ਆਏ ਹਨ।
queen elizabeth with husband
ਦਸਣਯੋਗ ਹੈ ਕਿ ਫਿਲਿਪ ਕਈ ਦਹਾਕਿਆਂ ਤਕ ਸ਼ਾਹੀ ਪ੍ਰੋਗਰਾਮਾਂ ਵਿਚ ਲਗਾਤਾਰ ਅਪਣੀ ਮੌਜੂਦਗੀ ਦਰਜ ਕਰਾਉਂਦੇ ਰਹੇ ਹਨ ਪਰ ਉਨ੍ਹਾਂ ਨੂੰ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਬ੍ਰਿਟੇਨ ਦੇ ਯੁੱਧ ਯਾਦਗਾਰੀ ਸਮਾਰੋਹ ਵਿਚ ਖੜ੍ਹੇ ਹੋਣ ਦੌਰਾਨ ਪ੍ਰੇਸ਼ਾਨੀ ਮਹਿਸੂਸ ਹੋਈ ਸੀ। ਪ੍ਰਿੰਸ ਫਿਲਿਪ ਨੂੰ ਚੰਗੀ ਸਿਹਤ ਲਈ ਕਈ ਸ਼ੁੱਭਕਾਮਨਾਵਾਂ ਮਿਲੀਆਂ ਹਨ ਪਰ ਹਾਲ ਹੀ ਦੇ ਸਾਲਾਂ ਵਿਚ ਉਨ੍ਹਾਂ ਨੂੰ ਕਈ ਸਿਹਤ ਸਬੰਧੀ ਸ਼ਿਕਾਇਤਾਂ ਦੇ ਚਲਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜ਼ਿਕਰਯੋਗ ਹੈ ਕਿ ਪ੍ਰਿੰਸ ਫਿਲਿਪ ਨੇ ਸਾਲ 2015 ਤਕ ਪਤਨੀ ਮਹਾਰਾਣੀ ਐਲੀਜਾਬੇਥ ਦੂਜੀ ਨਾਲ ਵਿਦੇਸ਼ੀ ਯਾਤਰਾਵਾਂ ਕੀਤੀਆਂ ਹਨ। ਮਹਾਰਾਣੀ ਨੇ 1997 ਵਿਚ ਅਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਕਿਹਾ ਸੀ ਕਿ ਪ੍ਰਿੰਸ ਫਿਲਿਪ ਪਿਛਲੇ ਕਈ ਸਾਲਾਂ ਤੋਂ ਸਰਲਤਾ ਨਾਲ ਮੇਰੀ ਤਾਕਤ ਬਣੇ ਹੋਏ ਹਨ।