
ਫ਼ਿਨਲੈਂਡ ਦੁਨੀਆ ਦੇ ਸਭ ਤੋਂ ਵੱਡੇ ਫ਼ੌਜੀ ਗਠਜੋੜ 'ਚ ਹੋਇਆ ਸ਼ਾਮਲ
ਫ਼ਿਨਲੈਂਡ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਨਵਾਂ ਮੈਂਬਰ ਬਣ ਗਿਆ ਹੈ। ਇਸ ਫੌਜੀ ਗਠਜੋੜ ਵਿੱਚ ਸ਼ਾਮਲ ਹੋਣ ਵਾਲਾ ਇਹ 31ਵਾਂ ਦੇਸ਼ ਹੈ। ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਨਬਰਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਫਿਨਲੈਂਡ ਹੁਣ ਨਾਟੋ ਦਾ ਮੈਂਬਰ ਬਣ ਗਿਆ ਹੈ।
ਦੂਜੇ ਪਾਸੇ ਰੂਸ ਨੇ ਨਾਟੋ ਦੇ ਵਿਸਥਾਰ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਜਤਾਈ। ਕ੍ਰੇਮਲਿਨ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ- ਨਾਟੋ 'ਚ ਫ਼ਿਨਲੈਂਡ ਦਾ ਸ਼ਾਮਲ ਹੋਣਾ ਰੂਸ ਦੀ ਸੁਰੱਖਿਆ 'ਤੇ ਹਮਲਾ ਹੈ। ਅਸੀਂ ਇਸ ਨਾਲ ਨਜਿੱਠਾਂਗੇ।
ਨਾਟੋ ਹੈੱਡਕੁਆਰਟਰ ਬ੍ਰਸੇਲਜ਼ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਬਹੁਤ ਜਲਦੀ ਸਵੀਡਨ ਵੀ ਨਾਟੋ ਦਾ ਹਿੱਸਾ ਬਣ ਜਾਵੇਗਾ। ਸਟੋਲਨਬਰਗ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ- ਇਹ ਹਫਤਾ ਸਾਡੇ ਲਈ ਇਤਿਹਾਸਕ ਹੋਣ ਵਾਲਾ ਹੈ। ਨਾਟੋ ਦੇਸ਼ ਇਕ ਮੰਚ 'ਤੇ ਆ ਰਹੇ ਹਨ। ਫਿਨਲੈਂਡ ਸਾਡੇ ਨਾਟੋ ਪਰਿਵਾਰ ਦਾ ਨਵਾਂ ਮੈਂਬਰ ਬਣ ਗਿਆ ਹੈ। ਬਹੁਤ ਜਲਦੀ ਸਵੀਡਨ ਵੀ ਇਸ ਦਾ ਹਿੱਸਾ ਬਣ ਸਕਦਾ ਹੈ।
ਸਟੋਲਨਬਰਗ ਨਾਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ- ਪਹਿਲੀ ਵਾਰ ਨਾਟੋ ਹੈੱਡਕੁਆਰਟਰ 'ਤੇ ਫ਼ਿਨਲੈਂਡ ਦਾ ਝੰਡਾ ਲਹਿਰਾਇਆ ਗਿਆ। ਹੁਣ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਾਟੋ ਦੇਸ਼ਾਂ ਦੀ ਹੋਵੇਗੀ।