
ਪਾਕਿਸਤਾਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 989 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦੀ ਗਿਣਤੀ 19 ਹਜ਼ਾਰ ਪਾਰ ਪਹੁੰਚ ਗਈ ਹੈ।
ਇਸਲਾਮਾਬਾਦ, 3 ਮਈ : ਪਾਕਿਸਤਾਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 989 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦੀ ਗਿਣਤੀ 19 ਹਜ਼ਾਰ ਪਾਰ ਪਹੁੰਚ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਵਿਚ 23 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 440 ਹੋ ਗਈ ਹੈ। ਹੁਣ ਤੱਕ 4,817 ਮਰੀਜ਼ ਸਿਹਤਮੰਦ ਹੋ ਚੁੱਕੇ ਹਨ।
ਦੇਸ਼ ਦੇ ਕੁੱਲ 19,103 ਮਾਮਲਿਆਂ ਵਿਚੋਂ 7,106 ਪੰਜਾਬ ਤੋਂ, 7102 ਸਿੰਧ ਤੋਂ, 2907 ਖੈਬਰ ਪਖਤੂਨਖਵਾ ਤੋਂ, 1,172 ਬਲੋਚਿਸਤਾਨ ਤੋਂ, 393 ਇਸਲਾਮਾਬਾਦ ਤੋਂ, 356 ਗਿਲਗਿਤ ਬਾਲਟਿਸਤਾਨ ਤੋਂ ਜਦਕਿ ਮਕਬੂਜਾ ਕਸ਼ਮੀਰ ਤੋਂ 67 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਹੁਣ ਤੱਕ 2,03,025 ਟੈਸਟ ਹੋਏ ਹਨ, ਜਿਹਨਾਂ ਵਿਚੋਂ ਪਿਛਲੇ 24 ਘੰਟਿਆਂ ਵਿਚ ਕੀਤੀ ਗਈ 8,716 ਨਮੂਨਿਆਂ ਦੀ ਜਾਂਚ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਨਿਚਰਵਾਰ ਰਾਤ ਨੂੰ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕੋਵਿਡ-19 ਦੀ ਦਵਾਈ ਕਦੋਂ ਤੱਕ ਮੁਹੱਈਆ ਹੋ ਸਕੇਗੀ। ਨਾਲ ਹੀ ਉਹਨਾਂ ਖਦਸ਼ਾ ਵੀ ਜ਼ਾਹਿਰ ਕੀਤਾ ਕਿ ਅਜਿਹੀ ਹਾਲਤ ਵਿਚ ਲੋਕਾਂ ਨੂੰ ਆਉਣ ਵਾਲੇ 6 ਮਹੀਨੇ ਜਾਂ ਇਕ ਸਾਲ ਤੱਕ ਕੋਰੋਨਾ ਵਾਇਰਸ ਦੇ ਨਾਲ ਜਿਉਣਾ ਪੈ ਸਕਦਾ ਹੈ। (ਪੀਟੀਆਈ)