
ਭਲਕੇ ਸ਼ਾਮ 5 ਵਜੇ ਸੰਸਦ ਭਵਨ ’ਚ ਹੋਵੇਗੀ ਮੀਟਿੰਗ
ਇਸਲਾਮਾਬਾਦ : ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਪਾਕਿਸਤਾਨ ਹੁਣ ਡਰ ਗਿਆ ਹੈ। ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਬਦਲਾ ਲੈਣ ਲਈ ਕਿਸੇ ਵੀ ਸਮੇਂ ਉਸ ’ਤੇ ਹਮਲਾ ਕਰ ਸਕਦਾ ਹੈ। ਇਸੇ ਦੌਰਾਨ ਪਾਕਿਸਤਾਨ ਨੇ ਸਨਿਚਰਵਾਰ ਅੱਧੀ ਰਾਤ ਨੂੰ ਇਕ ਵੱਡਾ ਫ਼ੈਸਲਾ ਲਿਆ ਤੇ ਸੋਮਵਾਰ ਸ਼ਾਮ 5 ਵਜੇ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਇਆ।
ਇਹ ਮੀਟਿੰਗ ਸੋਮਵਾਰ ਇਸਲਾਮਾਬਾਦ ਦੇ ਸੰਸਦ ਭਵਨ ’ਚ ਹੋਵੇਗੀ। ਪਾਕਿਸਤਾਨ ਸਰਕਾਰ ਵਲੋਂ ਜਾਰੀ ਕੀਤੇ ਗਏ ਇਕ ਅਧਿਕਾਰਤ ਬਿਆਨ ਅਨੁਸਾਰ ਇਸਲਾਮੀ ਗਣਰਾਜ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 54 ਦੀ ਧਾਰਾ (1) ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਨੇ ਰਾਸ਼ਟਰੀ ਅਸੈਂਬਲੀ ਨੂੰ ਸੰਸਦ ਭਵਨ, ਇਸਲਾਮਾਬਾਦ ਵਿਖੇ ਬੁਲਾਇਆ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਅੱਜ ਮੁੜ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਨੇ ਲਗਾਤਾਰ 10ਵੇਂ ਦਿਨ ਕੰਟਰੋਲ ਰੇਖਾ ’ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਨੇ ਕੁਪਵਾੜਾ, ਬਾਰਾਮੂਲਾ, ਪੁੰਛ ਰਾਜੌਰੀ ਵਿੱਚ ਗੋਲੀਬਾਰੀ ਕੀਤੀ ਹੈ। ਮੇਂਢਰ, ਨੌਸ਼ਹਿਰਾ, ਸੁੰਦਰਬਨੀ ਅਤੇ ਅਖਨੂਰ ਸੈਕਟਰਾਂ ਵਿਚ ਵੀ ਗੋਲੀਬਾਰੀ ਕੀਤੀ ਗਈ। ਭਾਰਤੀ ਸੁਰੱਖਿਆ ਬਲਾਂ ਨੇ ਗੋਲੀਬਾਰੀ ਦਾ ਢੁਕਵਾਂ ਜਵਾਬ ਦਿਤਾ। ਜਵਾਬੀ ਕਾਰਵਾਈ ਵਿਚ ਕਈ ਪਾਕਿਸਤਾਨੀ ਚੌਕੀਆਂ ਤਬਾਹ ਕਰ ਦਿਤੀਆਂ ਗਈਆਂ।