
ਆਫਸ਼ੌਰ (ਮੂਲ ਵਤਨ) ਏਜੰਟਾਂ ਨਾਲ 14 ਤੋਂ 30 ਹਜ਼ਾਰ ਡਾਲਰ ਦੇ ਸੌਦੇ
ਪਰ ਇਥੇ ਪਹੁੰਚ ਕੰਮ ਤੋਂ ਮਿਲ ਰਿਹੈ ਜਵਾਬ
ਔਕਲੈਂਡ, 4 ਜੁਲਾਈ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕਾਮਿਆਂ ਨੂੰ ਇਥੇ ਸੱਦਣ ਦੇ ਲਈ ਮਾਨਤਾ ਪ੍ਰਾਪਤ ਰੁਜ਼ਗਾਰਦਾਤਾਵਾਂ ਵਾਸਤੇ ਰਾਹ ਤਾਂ ਸੌਖਾ ਕਰ ਦਿਤਾ ਸੀ, ਪਰ ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਇਹ ਉਨ੍ਹਾਂ ਨੂੰ ਔਖੀ ਜਾਂਚ-ਪੜਤਾਲ ਦੇ ਵਿਚ ਵੀ ਧਕੇਲ ਦੇਵੇਗਾ।
ਵਰਕ ਪਰਮਿਟ ਹਾਸਿਲ ਕਰਨ ਦੇ ਸਮੁੱਚੇ ਵਰਤਾਰੇ ਦੇ ਵਿਚ ਆਫਸ਼ੋਰ (ਮੂਲ ਵਤਨ) ਵਿਖੇ ਕਾਮਿਆਂ ਦੇ ਲਈ ਐਨੇ ਵੱਡੇ ਪੱਧਰ ਉਤੇ ਏਜੰਟਾਂ ਦੇ ਨਾਲ ਸੌਦੇਬਾਜ਼ੀ ਹੋ ਗਈ ਹੈ ਕਿ ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਸੈਂਕੜੇ ਕੰਪਨੀਆਂ ਦੀਆਂ ਫਾਈਲਾਂ ਖੋਲ੍ਹ ਕੇ ਜਾਂਚ-ਪੜਤਾਲ ਦੇ ਵਿਚ ਨਵੇਂ ਕਿੱਤੇ ਲੱਗ ਗਿਆ ਹੈ। ਜਾਂਚ ਦੇ ਚੱਕਰ ਵਿਚ ਦੋਸ਼ੀ ਪਾਏ ਜਾਣ ਵਾਲੀਆਂ ਕੰਪਨੀਆਂ ਦੀ ਮਾਨਤਾ ਰੱਦ ਕਰਨੀ ਸ਼ੁਰੂ ਕਰ ਦਿਤੀ ਗਈ ਹੈ, ਇਸੇ ਲਾਈਨ ਦੇ ਵਿਚ ਹੋਰ ਵੀ ਕਈ ਹਨ। ਜਿਸ ਕੰਪਨੀ ਦੀ ਮਾਨਤਾ ਰੱਦ ਹੋਈ ਹੈ, ਉਸਨੇ ਕਾਮਿਆਂ ਨੂੰ ਇਥੇ ਪੁੱਜਣ ਉਤੇ ਕੰਮ ਦੇਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਮਾਮਲਾ ਕਾਮਿਆਂ ਦੇ ਸ਼ੋਸ਼ਣ ਦਾ ਬਣ ਗਿਆ ਹੈ।
ਅਜਿਹੇ ਸੈਂਕੜੇ ਕਾਮੇ ਇਮੀਗ੍ਰੇਸ਼ਨ ਦੇ ਧਿਆਨ ਵਿਚ ਆ ਰਹੇ ਹਨ। ਇਹ ਕਾਮੇ ਭਾਰਤ, ਨੇਪਾਲ, ਸ੍ਰੀ ਲੰਕਾ ਅਤੇ ਸਾਊਥ ਅਮਰੀਕਾ ਨਾਲ ਸਬੰਧਿਤ ਜਿਆਦਾ ਦੱਸੇ ਜਾਂਦੇ ਹਨ। ਇਮੀਗ੍ਰੇਸ਼ਨ ਮੈਨੇਜਰ ਕੋਲ ਰੀਪੋਰਟਾਂ ਆਈਆਂ ਹਨ ਕਿ ਇਥੇ ਆਉਣ ਵਾਲੇ ਕਾਮਿਆਂ ਨੇ 14 ਤੋਂ 30 ਹਜ਼ਾਰ ਡਾਲਰ ਤੱਕ ਵੀਜਾ ਲੈਣ ਲਈ ਖਰਚੇ ਏਜੰਟਾਂ ਆਦਿ ਰਾਹੀਂ ਖਰਚੇ ਹਨ ਪਰ ਇਥੇ ਉਨ੍ਹਾਂ ਨੂੰ ਕੰਮ ਦੀ ਆਰੰਭਤਾ ਵੀ ਨਹੀਂ ਕਰਨ ਦਿਤੀ ਗਈ।
ਇਸ ਵੇਲੇ ਤਕ 53 ਕੰਪਨੀਆਂ ਦੀ ਜਾਂਚ ਪੜਤਾਲ ਹੋ ਚੁੱਕੀ ਹੈ ਅਤੇ 16 ਹੋਰ ਚੈਕ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਮਾਨਤਾ ਰੱਦ ਹੋ ਸਕਦੀ ਹੈ। ਇਸ ਵੇਲੇ ਕੁੱਲ 23,744 ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਹਨ। ਜਿਸ ਹਿਸਾਬ ਦੇ ਨਾਲ ਮਾਮਲੇ ਵਧ ਰਹੇ ਹਨ ਲਗਦਾ ਹੈ ਕਿ ਇਮੀਗ੍ਰੇਸ਼ਨ ਇਸ ਸੌਖੇ ਰਾਹ ਨੂੰ ਜਲਦੀ ਹੀ ਔਖੇ ਰਾਹ ਦੇ ਵਿਚ ਤਬਦੀਲ ਕਰ ਸਕਦੀ ਹੈ।