
ਰਾਸ਼ਟਰਪਤੀ ਟਰੰਪ ਨੇ ਜੁਲਾਈ 2021 ਤਕ ਵਿਸ਼ਵ ਸੰਗਠਨ ਤੋਂ ਵੱਖ ਹੋਣ ਦਾ ਕੀਤਾ ਸੀ ਐਲਾਨ
ਵਾਸ਼ਿੰਗਟਨ : ਕਰੋਨਾ ਵਾਇਰਸ ਨਾਲ ਸ਼ੁਰੂਆਤੀ ਦੌਰ ਦੌਰਾਨ ਸਹੀ ਢੰਗ ਨਾਲ ਨਾ ਨਿਪਟਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕਾ ਨੇ ਇਕ ਹੋਰ ਵੱਡਾ ਝੱਟਕਾ ਦਿਤਾ ਹੈ। ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨੂੰ ਦਿਤੀ ਜਾਣ ਵਾਲੀ ਸਾਢੇ 6 ਕਰੋੜ ਡਾਲਰ ਤੋਂ ਵਧੇਰੇ ਦੀ ਬਕਾਇਆ ਰਾਸ਼ੀ ਰੋਕ ਲਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਅਮਰੀਕਾ ਨੇ ਵਿਸ਼ਵ ਸਿਹਤ ਸੰਸਥਾ ਦੀ ਕੋਵਿਡ-19 ਦੇ ਟੀਕੇ ਦੇ ਵਿਕਾਸ ਅਤੇ ਵੰਡ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਕਿਨਾਰਾ ਕਰ ਲਿਆ ਸੀ।
Donald Trump
ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਸਿਹਤ ਸੰਸਥਾ ਦੇ ਕਰੋਨਾ ਵਾਇਰਸ ਨਾਲ ਨਜਿੱਠਣ ਦੇ ਢੰਗ-ਤਰੀਕਿਆਂ ਤੋਂ ਖਫ਼ਾ ਹਨ। ਇਸ ਸਬੰਧੀ ਸੰਸਥਾ 'ਤੇ ਚੀਨ ਦਾ ਪੱਖ ਪੂਰਨ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ। ਸੰਸਥਾ 'ਤੇ ਦੋਸ਼ ਹੈ ਕਿ ਉਸ ਨੇ ਕਰੋਨਾ ਵਾਇਰਸ ਦੇ ਸ਼ੁਰੂਆਤੀ ਦੌਰ ਦੌਰਾਨ ਚੀਨ ਦੇ ਦਬਾਅ ਦੇ ਚਲਦਿਆਂ ਦੁਨੀਆਂ ਸਾਹਮਣੇ ਇਸ ਦੀ ਸਹੀ ਤਸਵੀਰ ਪੇਸ਼ ਨਹੀਂ ਸੀ ਕੀਤੀ। ਜੇਕਰ ਸਮਾਂ ਰਹਿੰਦ ਸੰਸਥਾ ਅਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਂਦੀ ਤਾਂ ਕਰੋਨਾ ਨਾਲ ਨਜਿੱਠਣ ਲਈ ਢੁਕਵੇਂ ਕਦਮ ਚੁੱਕੇ ਜਾ ਸਕਦੇ ਸਨ।
WHO
ਰਾਸ਼ਟਰਪਤੀ ਟਰੰਪ ਇਸ ਨੂੰ ਲੈ ਕੇ ਪਹਿਲਾਂ ਵੀ ਕਈ ਮੰਚਾਂ 'ਤੇ ਵਿਸ਼ਵ ਸਿਹਤ ਸੰਸਥਾ ਖਿਲਾਫ਼ ਭੜਾਸ ਕੱਢ ਚੁੱਕੇ ਹਨ। ਰਾਸ਼ਟਰਪਤੀ ਟਰੰਪ ਨੇ ਬੀਤੇ ਜੁਲਾਈ ਮਹੀਨੇ ਦੌਰਾਨ ਜੁਲਾਈ 2021 ਤਕ ਅਮਰੀਕਾ ਦੇ ਵਿਸ਼ਵ ਸਿਹਤ ਸੰਸਥਾ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।
Donald Trump
ਅਧਿਕਾਰੀਆਂ ਮੁਤਾਬਕ ਵਿਸ਼ਵ ਸਿਹਤ ਸੰਸਥਾ ਤੋਂ ਵੱਖ ਹੋਣ ਦੀ ਪ੍ਰੀਕਿਰਿਆ ਦੇ ਬਾਵਜੂਦ ਅਮਰੀਕਾ ਸੰਸਥਾ ਦੀਆਂ ਚੋਣਵੀਆਂ ਮੀਟਿੰਗਾਂ 'ਚ ਸ਼ਾਮਲ ਹੁੰਦਾ ਰਹੇਗਾ। ਇਸ ਦੌਰਾਨ ਅਮਰੀਕਾ ਇਕ ਵਾਰ ਸੰਸਥਾ ਦੀ ਮੱਦਦ ਵੀ ਕਰੇਗਾ। ਕਾਬਲੇਗੌਰ ਹੈ ਕਿ ਬੀਤੇ ਜੁਲਾਈ ਮਹੀਨੇ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੁਲਾਈ 2021 ਤਕ ਵਿਸ਼ਵ ਸੰਸਥਾ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ।
Donald Trump
ਇਸ ਤੋਂ ਬਾਅਦ ਉਨ੍ਹਾਂ ਪ੍ਰਸ਼ਾਸਨ ਨੂੰ ਉਸ ਦੇ ਵਿੱਤਪੋਸ਼ਣ ਅਤੇ ਸਹਿਯੋਗ ਸਬੰਧੀ ਕੰਮ ਨਿਪਟਾਉਣ ਦਾ ਕੰਮ ਸ਼ੁਰੂ ਕਰਨ ਲਈ ਕਿਹਾ ਸੀ। ਅਮਰੀਕਾ ਨੇ ਸੰਸਥਾ ਨੂੰ 2020 'ਚ 12 ਕਰੋੜ ਡਾਲਰ ਦੀ ਰਾਸ਼ੀ ਦੇਣੀ ਸੀ, ਜਿਸ ਵਿਚੋਂ ਐਲਾਨ ਤਕ 5.2 ਕਰੋੜ ਡਾਲਰ ਦਾ ਭੁਗਤਾਨ ਕੀਤਾ ਜਾ ਚੁੱਕਾ ਸੀ।