
ਕੰਪਨੀ ਨੇ ਪਹਿਲਾਂ ਮਸਕ ਦੀ ਮਲਕੀਅਤ ਵਾਲੇ ‘ਐਕਸ’ ’ਤੇ ਪਾਬੰਦੀ ਲਗਾਉਣ ਦੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿਤਾ ਸੀ
ban on 'X' in Brazil : ਈਲੋਨ ਮਸਕ ਦੀ ਸੈਟੇਲਾਈਟ ਅਧਾਰਤ ਇੰਟਰਨੈੱਟ ਸੇਵਾ ਪ੍ਰਦਾਤਾ ਸਟਾਰਲਿੰਕ ਬ੍ਰਾਜ਼ੀਲ ’ਚ ‘ਐਕਸ’ ਦੀਆਂ ਸੇਵਾਵਾਂ ’ਤੇ ਪਾਬੰਦੀ ਲਗਾਉਣ ਦੇ ਸੁਪਰੀਮ ਕੋਰਟ ਦੇ ਹਾਲ ਹੀ ਦੇ ਫੈਸਲੇ ਦੀ ਪਾਲਣਾ ਕਰੇਗੀ।
ਕੰਪਨੀ ਨੇ ਪਹਿਲਾਂ ਮਸਕ ਦੀ ਮਲਕੀਅਤ ਵਾਲੇ ‘ਐਕਸ’ ’ਤੇ ਪਾਬੰਦੀ ਲਗਾਉਣ ਦੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿਤਾ ਸੀ।
‘ਐਕਸ’ ’ਤੇ ਜਾਰੀ ਇਕ ਬਿਆਨ ਵਿਚ ਸਟਾਰਲਿੰਕ ਨੇ ਕਿਹਾ ਕਿ ਉਹ ਕੰਪਨੀ ਦੀਆਂ ਜਾਇਦਾਦਾਂ ‘ਫਰੀਜ਼’ ਕੀਤੇ ਜਾਣ ਦੇ ਬਾਵਜੂਦ ਸਾਈਟ ਤਕ ਪਹੁੰਚ ਨੂੰ ਰੋਕਣ ਲਈ ਜਸਟਿਸ ਅਲੈਗਜ਼ੈਂਡਰ ਡੀ ਮੋਰੇਸ ਦੇ ਹੁਕਮ ਦੀ ਪਾਲਣਾ ਕਰੇਗੀ। ਇਸ ਤੋਂ ਪਹਿਲਾਂ ਕੰਪਨੀ ਨੇ ਗੈਰ ਰਸਮੀ ਤੌਰ ’ਤੇ ਬ੍ਰਾਜ਼ੀਲ ਦੇ ਦੂਰਸੰਚਾਰ ਰੈਗੂਲੇਟਰ ਨੂੰ ਕਿਹਾ ਸੀ ਕਿ ਉਹ ਉਦੋਂ ਤਕ ਹੁਕਮ ਦੀ ਪਾਲਣਾ ਨਹੀਂ ਕਰੇਗੀ ਜਦੋਂ ਤਕ ਜਸਟਿਸ ਮੋਰੇਸ ਜਾਇਦਾਦਾਂ ‘ਫ਼ਰੀਜ਼’ ਕਰਨ ਦੇ ਹੁਕਮ ਨੂੰ ਰੱਦ ਨਹੀਂ ਕਰਦੇ।
ਸਟਾਰਲਿੰਕ ਨੇ ਕਿਹਾ, ‘‘ਸਾਡੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਅਣਉਚਿਤ ਅਭਿਆਸਾਂ ਦੇ ਬਾਵਜੂਦ ਅਸੀਂ ਬ੍ਰਾਜ਼ੀਲ ਵਿਚ ‘ਐਕਸ’ ਤਕ ਪਹੁੰਚ ਨੂੰ ਰੋਕਣ ਦੇ ਹੁਕਮ ਦੀ ਪਾਲਣਾ ਕਰ ਰਹੇ ਹਾਂ। ਅਸੀਂ ਸਾਰੇ ਕਾਨੂੰਨੀ ਰਸਤੇ ਲੱਭਣਾ ਜਾਰੀ ਰੱਖਾਂਗੇ ਕਿਉਂਕਿ ਹੋਰ ਲੋਕ ਸਹਿਮਤ ਹਨ ਕਿ ਜਸਟਿਸ ਮੋਰੇਸ ਦਾ ਤਾਜ਼ਾ ਫੈਸਲਾ ਬ੍ਰਾਜ਼ੀਲ ਦੇ ਸੰਵਿਧਾਨ ਦੀ ਉਲੰਘਣਾ ਕਰਦਾ ਹੈ।’’
ਜਸਟਿਸ ਮੋਰੇਸ ਨੇ ਪਿਛਲੇ ਹਫਤੇ ਸਟਾਰਲਿੰਕ ਦੇ ਬੈਂਕ ਖਾਤਿਆਂ ’ਤੇ ਰੋਕ ਲਗਾ ਦਿਤੀ ਸੀ ਤਾਂ ਜੋ ਉਸ ’ਤੇ ‘ਐਕਸ’ ’ਤੇ ਲਗਾਏ ਗਏ ਜੁਰਮਾਨੇ ਦਾ ਭੁਗਤਾਨ ਕਰਨ ਲਈ ਦਬਾਅ ਪਾਇਆ ਜਾ ਸਕੇ। ਉਸ ਨੇ ਦਲੀਲ ਦਿਤੀ ਸੀ ਕਿ ਕਿਉਂਕਿ ਦੋਵੇਂ ਕੰਪਨੀਆਂ ਇਕੋ ਉਦਯੋਗਿਕ ਸਮੂਹ ਦਾ ਹਿੱਸਾ ਹਨ, ਇਸ ਲਈ ਅਜਿਹਾ ਕੀਤਾ ਜਾ ਸਕਦਾ ਹੈ।