
ਜਿਨਪਿੰਗ ਨੇ ਕਿਹਾ, ਚੀਨ ਧਮਕੀਆਂ ਤੋਂ ਨਹੀਂ ਡਰਦਾ, ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ
China shows off new nuclear missile capable of hitting US: ਚੀਨ ਨੇ ਬੁਧਵਾਰ ਨੂੰ ਪਹਿਲੀ ਵਾਰ ਅਪਣੇ ਕੁਝ ਅਤਿ-ਆਧੁਨਿਕ ਨਵੇਂ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿਚ ਹਾਈਪਰਸੋਨਿਕ ਲੇਜ਼ਰ ਅਤੇ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਸ਼ਾਮਲ ਹਨ, ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਵਿਕਾਸ ‘ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗਾ।’ ਜਿਨਪਿੰਗ ਨੇ ਕਿਹਾ ਕਿ ਚੀਨ ਕਿਸੇ ਦੀਆਂ ਧਮਕੀਆਂ ਤੋਂ ਨਹੀਂ ਡਰਦਾ ਅਤੇ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸ ਨੂੰ ਯਾਦ ਰੱਖਣ ਅਤੇ ਜਾਪਾਨ ਵਿਰੁਧ ਲੜਨ ਵਾਲੇ ਸੈਨਿਕਾਂ ਦਾ ਸਤਿਕਾਰ ਕਰਨ। ਦੂਜੇ ਵਿਸ਼ਵ ਯੁੱਧ ਵਿਚ ਜਾਪਾਨੀ ਹਮਲੇ ਵਿਰੁਧ ਚੀਨ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਦੀ ਯਾਦ ਵਿਚ ਆਯੋਜਿਤ ਇਕ ਵਿਸ਼ਾਲ ਪਰੇਡ ਨੂੰ ਸੰਬੋਧਨ ਕਰਦੇ ਹੋਏ, ਸ਼ੀ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੂੰ ਰਾਸ਼ਟਰੀ ਵਿਕਾਸ ਲਈ ਰਣਨੀਤਕ ਸਹਾਇਤਾ ਪ੍ਰਦਾਨ ਕਰਨ ਅਤੇ ਵਿਸ਼ਵ ਸ਼ਾਂਤੀ ਅਤੇ ਵਿਕਾਸ ਵਿਚ ਵੱਡਾ ਯੋਗਦਾਨ ਪਾਉਣ ਦਾ ਸੱਦਾ ਦਿਤਾ। ਚੀਨੀ ਫ਼ੌਜ ਨੇ ਪਰੇਡ ਵਿਚ ਪਹਿਲੀ ਵਾਰ ਅਪਣੇ ਕੁਝ ਸਭ ਤੋਂ ਉੱਨਤ ਫ਼ੌਜੀ ਉਪਕਰਨਾਂ ਦਾ ਪ੍ਰਦਰਸ਼ਨ ਕੀਤਾ, ਜੋ ਕਿ ਦੁਨੀਆਂ, ਖ਼ਾਸ ਕਰ ਕੇ ਅਮਰੀਕਾ ਲਈ ਤਾਕਤ ਦਾ ਪ੍ਰਦਰਸ਼ਨ ਸੀ।
ਪੀਐਲਏ ਦੇ ਹਾਈ ਕਮਾਂਡ ਸੈਂਟਰਲ ਮਿਲਟਰੀ ਕਮਿਸ਼ਨ (ਸੀਐਮਸੀ) ਦੇ ਮੁਖੀ ਸ਼ੀ ਨੇ ਚੀਨੀ ਫ਼ੌਜ ਨੂੰ ਅਪਣੇ ਆਪ ਨੂੰ ਇਕ ਵਿਸ਼ਵ ਪਧਰੀ ਸੁਰੱਖਿਆ ਬਲ ਬਣਾਉਣ ਅਤੇ ਰਾਸ਼ਟਰੀ ਖ਼ੁਦਮੁਖ਼ਤਿਆਰੀ, ਏਕਤਾ ਅਤੇ ਖੇਤਰੀ ਅਖੰਡਤਾ ਦੀ ਮਜ਼ਬੂਤੀ ਨਾਲ ਰਖਿਆ ਕਰਨ ਲਈ ਕਿਹਾ। ਚੀਨ ਅਮਰੀਕਾ ਤੋਂ ਬਾਅਦ ਦੂਜਾ ਸੱਭ ਤੋਂ ਵੱਡਾ ਰਖਿਆ ਬਜਟ ਵਾਲਾ ਦੇਸ਼ ਹੈ।
ਇਸ ਸਾਲ ਇਸ ਦਾ ਸਾਲਾਨਾ ਰੱਖਿਆ ਬਜਟ 250 ਅਰਬ ਅਮਰੀਕੀ ਡਾਲਰ ਸੀ। ਫ਼ੌਜੀ ਹਾਰਡਵੇਅਰ ਤੋਂ ਇਲਾਵਾ, ਪਰੇਡ ਨੇ ਚੀਨ ਦੀ ਕੂਟਨੀਤਕ ਸ਼ਕਤੀ ਦਾ ਪ੍ਰਦਰਸ਼ਨ ਵੀ ਕੀਤਾ ਕਿਉਂਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਸਮੇਤ 26 ਵਿਦੇਸ਼ੀ ਨੇਤਾ ਇਸ ਸਮਾਗਮ ਵਿਚ ਸ਼ਾਮਲ ਹੋਏ। ਭਾਰਤ ਦੇ ਗੁਆਂਢੀ ਦੇਸ਼ਾਂ ਤੋਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੋ ਨੇ ਪਰੇਡ ਵਿਚ ਸ਼ਿਰਕਤ ਕੀਤੀ। ਸੂਤਰਾਂ ਅਨੁਸਾਰ, ਚੀਨ ਵਿਚ ਭਾਰਤ ਦੇ ਰਾਜਦੂਤ ਪ੍ਰਦੀਪ ਕੁਮਾਰ ਰਾਵਤ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਜਾਪਾਨ ਅਤੇ ਦੱਖਣ ਕੋਰੀਆ ਤੋਂ ਇਲਾਵਾ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਮੁਖੀ ਵੀ ਪਰੇਡ ਤੋਂ ਦੂਰ ਰਹੇ। (ਏਜੰਸੀ)
(For more news apart from “ HiChina shows off new nuclear missile capable of hitting US , ” stay tuned to Rozana Spokesman.)