
ਦਿੱਲੀ ਤੋਂ ਇਲਾਵਾ ਉਹ ਮੁੰਬਈ ਅਤੇ ਬੈਂਗਲੁਰੂ ਵੀ ਜਾਣਗੇ, ਜਿੱਥੇ ਉਹ ਉਦਯੋਗਿਕ ਸਮਾਗਮਾਂ ’ਚ ਹਿੱਸਾ ਲੈਣਗੇ
ਨਵੀਂ ਦਿੱਲੀ : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਸੋਮਵਾਰ ਤੋਂ ਪੰਜ ਦਿਨਾਂ ਦੇ ਭਾਰਤ ਦੌਰੇ ’ਤੇ ਆਉਣਗੇ, ਜਿਸ ਦਾ ਉਦੇਸ਼ ਪਿਛਲੇ ਸਾਲ ਨਵੰਬਰ ਤੋਂ ਤਣਾਅ ’ਚ ਚਲ ਰਹੇ ਸਬੰਧਾਂ ਨੂੰ ਮੁੜ ਤੋਂ ਸੰਵਾਰਨਾ ਹੈ। ਮਾਲਦੀਵ ਦੇ ਰਾਸ਼ਟਰਪਤੀ ਜੂਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋਏ ਸਨ ਪਰ ਇਹ ਉਨ੍ਹਾਂ ਦੀ ਪਹਿਲੀ ਦੁਵਲੀ ਭਾਰਤ ਯਾਤਰਾ ਹੋਵੇਗੀ।
ਚੀਨ ਵਲ ਝੁਕਾਅ ਰੱਖਣ ਵਾਲੇ ਮੁਇਜ਼ੂ ਦੇ ਨਵੰਬਰ ਵਿਚ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਅਤੇ ਮਾਲਦੀਵ ਵਿਚਾਲੇ ਸਬੰਧ ਗੰਭੀਰ ਤਣਾਅ ਵਿਚ ਆ ਗਏ ਸਨ। ਮੁਇਜ਼ੂ ਨੇ ਸਹੁੰ ਚੁੱਕਣ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਅਪਣੇ ਦੇਸ਼ ਤੋਂ ਭਾਰਤੀ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਭਾਰਤੀ ਫੌਜੀ ਜਵਾਨਾਂ ਦੀ ਥਾਂ ਆਮ ਨਾਗਰਿਕਾਂ ਨੇ ਲੈ ਲਈ।
ਮੁਇਜ਼ੂ ਦੀ ਯਾਤਰਾ ਦਾ ਐਲਾਨ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਨਾਲ ਸਹਿਯੋਗ ਨੂੰ ਹੋਰ ਗਤੀ ਮਿਲ ਸਕਦੀ ਹੈ ਅਤੇ ਲੋਕਾਂ ਦੇ ਆਪਸੀ ਸਬੰਧ ਮਜ਼ਬੂਤ ਹੋ ਸਕਦੇ ਹਨ। ਉਸ ਨੇ ਕਹਾ, ‘‘ਮਾਲਦੀਵ ਗਣਰਾਜ ਦੇ ਰਾਸ਼ਟਰਪਤੀ ਮੁਹੰਮਦ ਮੁਆਇਜ਼ੂ 6 ਤੋਂ 10 ਅਕਤੂਬਰ ਤਕ ਭਾਰਤ ਦਾ ਦੌਰਾ ਕਰਨਗੇ।’’ ਵਿਦੇਸ਼ ਮੰਤਰਾਲੇ ਅਨੁਸਾਰ ਇਸ ਯਾਤਰਾ ਦੌਰਾਨ ਮੁਇਜ਼ੂ ਮੋਦੀ ਨਾਲ ਆਪਸੀ ਹਿੱਤਾਂ ਦੇ ਦੁਵਲੇ, ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਗੱਲਬਾਤ ਕਰਨਗੇ।
ਮੁਇਜ਼ੂ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨ ਦੀ ਉਮੀਦ ਹੈ। ਦਿੱਲੀ ਤੋਂ ਇਲਾਵਾ ਉਹ ਮੁੰਬਈ ਅਤੇ ਬੈਂਗਲੁਰੂ ਵੀ ਜਾਣਗੇ, ਜਿੱਥੇ ਉਹ ਉਦਯੋਗਿਕ ਸਮਾਗਮਾਂ ’ਚ ਹਿੱਸਾ ਲੈਣਗੇ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਮਾਲਦੀਵ ਹਿੰਦ ਮਹਾਂਸਾਗਰ ਖੇਤਰ ’ਚ ਭਾਰਤ ਦਾ ਪ੍ਰਮੁੱਖ ਸਮੁੰਦਰੀ ਗੁਆਂਢੀ ਹੈ ਅਤੇ ਪ੍ਰਧਾਨ ਮੰਤਰੀ ਦੇ ਸਾਗਰ (ਖੇਤਰ ’ਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ) ਅਤੇ ਭਾਰਤ ਦੀ ‘ਗੁਆਂਢੀ ਪਹਿਲਾਂ’ ਨੀਤੀ ’ਚ ਵਿਸ਼ੇਸ਼ ਸਥਾਨ ਰੱਖਦਾ ਹੈ।
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਮੁਇਜ਼ੂ ਦੀ ਆਉਣ ਵਾਲੀ ਯਾਤਰਾ ਦੀ ਨੀਂਹ ਰੱਖਣ ਲਈ ਅਗੱਸਤ ’ਚ ਮਾਲਦੀਵ ਦੀ ਤਿੰਨ ਦਿਨਾਂ ਯਾਤਰਾ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਦੀ ਹਾਲੀਆ ਯਾਤਰਾ ਅਤੇ ਰਾਸ਼ਟਰਪਤੀ ਮੁਇਜ਼ੂ ਦੀ ਮਾਲਦੀਵ ਦੀ ਯਾਤਰਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਮਾਲਦੀਵ ਨਾਲ ਅਪਣੇ ਸਬੰਧਾਂ ਨੂੰ ਕਿੰਨਾ ਮਹੱਤਵ ਦਿੰਦਾ ਹੈ।