
ਹੁਣ ਕੁੜੀ ਨੇ ਕੇਸ ਜਿੱਤ ਲਿਆ ਹੈ ਅਤੇ ਉਸ ਨੂੰ ਕਈ ਮਿਲੀਅਨ ਡਾਲਰ ਮੁਆਵਜ਼ੇ ਵਜੋਂ ਮਿਲੇ ਹਨ।
ਲੰਡਨ : ਬ੍ਰਿਟੇਨ ਦੇ ਲਿੰਕਨਸ਼ਾਇਰ ਤੋਂ ਇਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 20 ਸਾਲਾ ਕੁੜੀ ਨੇ ਅਪਣੀ ਮਾਂ ਦੇ ਡਾਕਟਰ ਵਿਰੁਧ ਕੇਸ ਦਰਜ ਕੀਤਾ ਸੀ। ਕੁੜੀ ਦਾ ਦਾਅਵਾ ਸੀ ਕਿ ਉਸ ਨੂੰ ‘ਪੈਦਾ ਨਹੀਂ ਹੋਣਾ ਚਾਹੀਦਾ’ ਸੀ। ਜੇ ਡਾਕਟਰ ਚਾਹੁੰਦਾ ਤਾਂ ਉਸ ਨੂੰ ਪੈਦਾ ਹੋਣ ਤੋਂ ਰੋਕ ਸਕਦਾ ਸੀ। ਹੁਣ ਕੁੜੀ ਨੇ ਕੇਸ ਜਿੱਤ ਲਿਆ ਹੈ ਅਤੇ ਉਸ ਨੂੰ ਕਈ ਮਿਲੀਅਨ ਡਾਲਰ ਮੁਆਵਜ਼ੇ ਵਜੋਂ ਮਿਲੇ ਹਨ।
UK girl
ਅਪਣੀ ਮਾਂ ਦੇ ਡਾਕਟਰ ਫ਼ਿਲਿਪ ਮਿਸ਼ੇਲ ’ਤੇ ਕੇਸ ਕਰਨ ਵਾਲੀ ਕੁੜੀ ਦਾ ਨਾਮ ਈਵੀ ਟੋਮਬਜ਼ ਹੈ। ਈਵੀ ਟੋਮਬਜ਼ ਨੂੰ ਸਪਾਈਨਲ ਬਿਫ਼ਿਡਾ ਨਾਮ ਦੀ ਬੀਮਾਰੀ ਹੈ। ਇਸ ਬੀਮਾਰੀ ਵਿਚ ਮਰੀਜ਼ਾਂ ਦੀ ਰੀੜ੍ਹ ਦੀ ਹੱਡੀ ਵਿਚ ਨੁਕਸ ਹੁੰਦਾ ਹੈ ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ 24 ਘੰਟੇ ਟਿਊਬਾਂ ਨਾਲ ਬਿਤਾਉਣੇ ਪੈਂਦੇ ਹਨ। ਈਵੀ ਦਾ ਮੰਨਣਾ ਹੈ ਕਿ ਉਸ ਦੀ ਮਾਂ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਉਹ ਅਪੰਗ ਹੈ।
ਉਸ ਦੇ ਜਨਮ ਸਮੇਂ ਡਾਕਟਰ ਨੇ ਠੀਕ ਤਰ੍ਹਾਂ ਅਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸੀ। ਈਵੀ ਟੋਮਬਜ਼ ਦਾ ਦਾਅਵਾ ਹੈ ਕਿ ਜੇਕਰ ਡਾ. ਮਿਸ਼ੇਲ ਨੇ ਉਨ੍ਹਾਂ ਦੀ ਮਾਂ ਨੂੰ ਦੱਸਿਆ ਹੁੰਦਾ ਕਿ ਤੁਹਾਨੂੰ ਬੱਚੇ ਨੂੰ ਪ੍ਰਭਾਵਿਤ ਕਰਨ ਵਾਲੇ ਸਪਾਈਨਲ ਬਿਫ਼ਿਡਾ ਦੇ ਖ਼ਤਰੇ ਨੂੰ ਘੱਟ ਕਰਨ ਲਈ ਫ਼ੋਲਿਕ ਐਸਿਡ ਦੀ ਖ਼ੁਰਾਕ ਲੈਣ ਦੀ ਜ਼ਰੂਰਤ ਹੈ ਤਾਂ ਉਹ ਅਪੰਗ ਪੈਦਾ ਨਾ ਹੁੰਦੀ।
UK girl
ਇਸ ਕੇਸ ’ਤੇ ਫ਼ੈਸਲਾ ਸੁਣਾਉਂਦੇ ਹੋਏ ਜੱਜ ਰੋਸਲਿੰਡ ਕਿਊਸੀ ਨੇ ਕਿਹਾ ਕਿ ਜੇਕਰ ਡਾਕਟਰ ਫ਼ਿਲਿਪ ਮਿਸ਼ੇਲ ਨੇ ਈਵੀ ਦੀ ਮਾਂ ਨੂੰ ਗਰਭ ਅਵਸਥਾ ਦੌਰਾਨ ਸਹੀ ਸਲਾਹ ਦਿਤੀ ਹੁੰਦੀ ਤਾਂ ਅੱਜ ਈਵੀ ਸਿਹਤਮੰਦ ਹੁੰਦੀ। ਈਵੀ ਅੱਜ ਦਿਵਿਆਂਗ ਨਾ ਹੁੰਦੀ। ਇਹ ਸੱਭ ਡਾਕਟਰ ਦੀ ਲਾਪਰਵਾਹੀ ਦਾ ਨਤੀਜਾ ਹੈ। ਈਵੀ ਟੋਮਬਜ਼ ਨੂੰ ਵੱਡੇ ਹਰਜਾਨੇ ਦਾ ਅਧਿਕਾਰ ਦਿੰਦੇ ਹੋਏ ਜੱਜ ਨੇ ਕਿਹਾ, ‘ਅਜਿਹੇ ਹਾਲਾਤ ਵਿਚ ਗਰਭ ਦੇਰੀ ਨਾਲ ਠਹਿਰਦਾ ਅਤੇ ਬੱਚਾ ਸਿਹਤਮੰਦ ਪੈਦਾ ਹੁੰਦਾ।’
ਈਵੀ ਦਾ ਮਾਂ ਨੇ ਅਦਾਲਤ ਨੂੰ ਦਸਿਆ ਸੀ ਕਿ ਜੇਕਰ ਡਾ. ਮਿਸ਼ੇਲ ਨੇ ਉਨ੍ਹਾਂ ਨੂੰ ਸਹੀ ਸਲਾਹ ਦਿਤੀ ਹੁੰਦੀ ਤਾਂ ਉਹ ਬੱਚਾ ਪੈਦਾ ਕਰਨ ਦੀ ਯੋਜਨਾ ਟਾਲ ਸਕਦੀ ਸੀ। ਉਨ੍ਹਾਂ ਜੱਜ ਨੂੰ ਦਸਿਆ, ‘ਮੈਨੂੰ ਦਸਿਆ ਗਿਆ ਸੀ ਕਿ ਜੇਕਰ ਮੇਰਾ ਖਾਣ-ਪੀਣ ਚੰਗਾ ਹੈ ਤਾਂ ਮੈਨੂੰ ਫ਼ਾਲਿਕ ਐਸਿਡ ਲੈਣ ਦੀ ਜ਼ਰੂਰਤ ਨਹੀਂ ਹੈ।’
UK girl
ਜ਼ਿਕਰਯੋਗ ਹੈ ਕਿ ਗਰਭ ਅਵਸਥਾ ਤੋਂ ਪਹਿਲਾਂ ਅਤੇ ਗਰਭ ਅਵਸਥਾ ਦੌਰਾਨ 12 ਹਫ਼ਤਿਆਂ ਤਕ ਫ਼ਾਲਿਕ ਐਸਿਡ ਸਪਲੀਮੈਂਟ ਲੈਣ ਦੀ ਸਲਾਹ ਦਿਤੀ ਜਾਂਦੀ ਹੈ। ਐਨ.ਐਚ.ਐਸ. ਮੁਤਾਬਕ ਹਰ ਦਿਨ 400 ਮਾਈਕ੍ਰੋਗ੍ਰਾਮ ਫ਼ਾਲਿਕ ਐਸਿਡ ਲੈਣਾ ਹੁੰਦਾ ਹੈ। ਇਹ ਗਰਭ ਵਿਚ ਪਲ ਰਹੇ ਬੱਚੇ ਵਿਚ ਸਪਾਈਨਾ ਬਿਫ਼ਿਡਾ ਸਮੇਤ ਨਿਊਰਲ ਡਿਫ਼ੈਕਟ ਦੇ ਰੂਪ ਵਿਚ ਜਾਣੀਆਂ ਜਾਂਦੀਆਂ ਕਈ ਬੀਮਾਰੀਆਂ ਨੂੰ ਰੋਕਣ ਵਿਚ ਮਦਦ ਕਰਦਾ ਹੈ।