
ਬਿਨਾਂ ਸਮਰਥਨ ਦੇ ਇਕੱਲੇ ਦੁਰਗਮ ਯਾਤਰਾ ਨੂੰ ਪੂਰਾ ਕਰਨ ਵਾਲੀ ਬਣੀ ਪਹਿਲੀ 'ਗ਼ੈਰ ਗੋਰੀ ਮਹਿਲਾ'
ਲੰਡਨ : ਬ੍ਰਿਟਿਸ਼ ਸਿੱਖ ਫ਼ੌਜ ’ਚ ਭਾਰਤੀ ਮੂਲ ਦੀ ਸਿੱਖ ਮਹਿਲਾ ਫ਼ੌਜੀ ਅਧਿਕਾਰੀ ਅਤੇ ਫ਼ੀਜ਼ੀਓਥੈਰੇਪਿਸਟ ਕੈਪਟਨ ਹਰਪ੍ਰੀਤ ਚੰਡੀ ਨੇ ਦਖਣੀ ਧਰੁਵ ਲਈ ਬਿਨਾਂ ਸਮਰਥਨ ਦੇ ਇਕੱਲੇ ਦੁਰਗਮ ਯਾਤਰਾ ਨੂੰ ਪੂਰਾ ਕਰਨ ਵਾਲੀ ਪਹਿਲੀ “ਗ਼ੈਰ ਗੋਰੀ ਮਹਿਲਾ’’ ਬਣ ਕੇ ਇਤਿਹਾਸ ਰਚ ਦਿਤਾ ਹੈ। ‘ਪੋਲਰ ਪ੍ਰੀਤ’ ਦੇ ਨਾਮ ਤੋਂ ਵੀ ਜਾਣੀ ਜਾਣ ਵਾਲੀ ਚੰਡੀ ਨੇ ਅਪਣੇ ਲਾਈਵ ਬਲਾਗ ’ਤੇ ਸੋਮਵਾਰ ਨੂੰ 40ਵੇਂ ਦਿਨ ਦੇ ਅੰਤ ’ਤੇ 700 ਮੀਲ (1127 ਕਿਲੋਮੀਟਰ) ਦੀ ਯਾਤਰਾ ਕਰਨ ਦੇ ਬਾਅਦ ਅਪਣੇ ਸਾਰੀ ਕਿੱਟ ਨਾਲ ਸਲੇਜ਼ (ਪੁਲ) ਖਿੱਚਦੇ ਹੋਏ ਅਤੇ ਸਿਫ਼ਰ ਤੋਂ 50 ਡਿਗਰੀ ਹੇਠਾਂ ਦੇ ਤਾਪਮਾਨ ਅਤੇ ਲਗਭਗ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲ ਰਹੀਆਂ ਹਵਾਵਾਂ ਨਾਲ ਲੜਦੇ ਹੋਏ ਇਤਿਹਾਸ ਰਚਣ ਦਾ ਐਲਾਨ ਕੀਤਾ।
Capt. Harpreet Chandi
ਉਨ੍ਹਾਂ ਲਿਖਿਆ, ‘‘ਮੈਂ ਦਖਣੀ ਧਰੁਵ ’ਤੇ ਪਹੁੰਚ ਗਈ, ਜਿਥੇ ਬਰਫ਼ਬਾਰੀ ਹੋ ਰਹੀ ਹੈ। ਹਾਲੇ ਮਨ ’ਚ ਬਹੁਤ ਸਾਰੀਆਂ ਸੰਭਾਵਨਾਵਾਂ ਚਲ ਰਹੀਆਂ ਹਨ। ਮੈਂ ਤਿੰਨ ਸਾਲ ਪਹਿਲਾਂ ਧਰੁਵਾਂ ਦੀ ਦੁਨੀਆਂ ਬਾਰੇ ਕੁੱਝ ਨਹੀਂ ਜਾਣਦੀ ਸੀ ਅਤੇ ਅੰਤ ਵਿਚ ਇਥੇ ਪਹੁੰਚਣਾ ਕਿੰਨਾ ਸੱਚਾ ਲਗਦਾ ਹੈ। ਇਥੇ ਪਹੁੰਚਣਾ ਮੁਸ਼ਕਲ ਸੀ ਅਤੇ ਮੈਂ ਸਾਰਿਆਂ ਦੇ ਸਮਰਥਨ ਲਈ ਧਨਵਾਦ ਦੇਣਾ ਚਾਹੁੰਦੀ ਹਾਂ।’’
Capt. Harpreet Chandi
ਚੰਡੀ ਨੇ ਕਿਹਾ, ‘‘ਇਹ ਮੁਹਿੰਮ ਹਮੇਸ਼ਾ ਮੇਰੇ ਤੋਂ ਕਿਤੇ ਵੱਧ ਸੀ। ਮੈਂ ਲੋਕਾਂ ਨੂੰ ਅਪਣੀਆਂ ਇੱਛਾਵਾਂ ਨੂੰ ਅੱਗੇ ਵਧਾਉਣ ਅਤੇ ਖ਼ੁਦ ’ਤੇ ਭਰੋਸਾ ਕਰਨ ਲਈ ਉਤਸ਼ਾਹਤ ਕਰਨਾ ਚਾਹੁੰਦੀ ਹਾਂ। ਮੈਨੂੰ ਕਈ ਮੌਕਿਆਂ ’ਤੇ ਨਾਂਹ ਕਿਹਾ ਗਿਆ ਅਤੇ ਕਿਹਾ ਗਿਆ ਕਿ ‘ਬਸ ਆਮ ਕੰਮ ਕਰੋ’, ਪਰ ਅਸੀਂ ਅਪਣੇ ਆਮ ਕੰਮ ਨੂੰ ਆਪ ਬਣਾਉਂਦੇ ਹਾਂ।’’ ਉਨ੍ਹਾਂ ਨੇ ਅਪਣੀ ਯਾਤਰਾ ਦਾ ਇਕ ਲਾਈਵ ਟ੍ਰੇਕਿੰਗ ਨਕਸ਼ਾ ਅਪਲੋਡ ਕੀਤਾ ਅਤੇ ਬਰਫ਼ ਨਾਲ ਢਕੇ ਖੇਤਰ ’ਚ ਅਪਣੀ ਯਾਤਰਾ ਦੇ ਨਿਯਮਤ ਬਲਾਗ ਵੀ ਪੋਸਟ ਕੀਤੇ।
Capt. Harpreet Chandi
ਚੰਡੀ ਨੇ ਅਪਣੇ ਬਲਾਗ ’ਤੇ ਪਹਿਲਾਂ ਕਿਹਾ ਸੀ ਕਿ ਐਂਟਾਰਕਟਿਕਾ ਧਰਤੀ ਦਾ ਸੱਭ ਤੋਂ ਠੰਢਾ, ਸੱਭ ਤੋਂ ਉੱਚਾ, ਸੱਭ ਤੋਂ ਸੁੱਕਾ ਅਤੇ ਹਵਾ ਵਾਲਾ ਮਹਾਂਦੀਪ ਹੈ। ਬਿ੍ਰਟਿਸ਼ ਫ਼ੌਜ ਦੇ ਚੀਫ਼ ਆਫ਼ ਜਨਰਲ ਸਟਾਫ਼ ਨੇ ਚੰਡੀ ਨੂੰ ਉਸ ਦੀ ਯਾਤਰਾ ਦੇ ਪੂਰਾ ਹੋਣ ’ਤੇ ਵਧਾਈ ਦਿਤੀ ਅਤੇ ਨਾਲ ਹੀ ਉਸ ਦੀ “ਧੀਰਜ ਅਤੇ ਦਿ੍ਰੜਤਾ ਦੀ ਇਕ ਪ੍ਰੇਰਨਾਦਾਇਕ ਉਦਾਹਰਣ’’ ਵਜੋਂ ਪ੍ਰਸ਼ੰਸਾ ਕੀਤੀ।