ਅਮਰੀਕੀ ਕਾਰਵਾਈ ਨਿੰਦਾਜਨਕ ਹੈ।
American tyranny is a threat to the entire world Editorial: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕਲਸ ਮਾਦੂਰੋ (ਅੰਗਰੇਜ਼ੀ ਉਚਾਰਣ ਮਾਡੂਰੋ) ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰਜ਼ ਨੂੰ ਉਸ ਮੁਲਕ ਦੀ ਰਾਜਧਾਨੀ ਕਰਾਕਸ ਵਿਚੋਂ ਫ਼ੌਜੀ ਹਮਲੇ ਰਾਹੀਂ ਜਬਰੀ ਚੁੱਕ ਕੇ ਨਿਊ ਯਾਰਕ (ਅਮਰੀਕਾ) ਲੈ ਜਾਣ ਦੀ ਅਮਰੀਕੀ ਕਾਰਵਾਈ ਨਿੰਦਾਜਨਕ ਹੈ। ਮਾਦੂਰੋ ਆਪਹੁਦਰਾ ਆਗੂ ਸੀ। ਉਸ ਨੇ ਖੱਬੇ ਪੱਖੀ ਵਿਚਾਰਧਾਰਾ ਦੇ ਲਬਾਦੇ ਹੇਠ ਲਾਤੀਨੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿਚ ਅਜਿਹਾ ਤਾਨਾਸ਼ਾਹੀ ਸ਼ਾਸਨ ਕਾਇਮ ਕੀਤਾ ਹੋਇਆ ਸੀ ਜਿਸ ਵਿਚ ਸਰਕਾਰ ਵਿਰੋਧੀਆਂ ਨੂੰ ਸਾਧਾਰਨ ਨਾਗਰਿਕ ਹੱਕਾਂ ਤੋਂ ਵੀ ਮਹਿਰੂਮ ਕੀਤਾ ਜਾ ਚੁੱਕਾ ਸੀ। ਇਸੇ ਕਾਰਨ ਬਹੁਤੇ ਵਿਰੋਧੀ ਆਗੂ ਵਿਦੇਸ਼ਾਂ, ਖ਼ਾਸ ਕਰ ਕੇ ਸਪੇਨ ਵਿਚ ਜਲਾਵਤਨੀ ਭੋਗਣ ਵਾਸਤੇ ਮਜਬੂਰ ਸਨ। ਹੁਕਮਰਾਨ ਦੇ ਤੌਰ ’ਤੇ ਮਾਦੂਰੋ ਦਾ ਰਿਕਾਰਡ ਵਿਵਾਦਿਤ ਜਾਂ ਘਿਨਾਉਣਾ ਹੋਣ ਦੇ ਬਾਵਜੂਦ ਅਮਰੀਕੀ ਫ਼ੌਜੀ ਕਾਰਵਾਈ ਕੌਮਾਂਤਰੀ ਕਾਨੂੰਨਾਂ ਦੀ ਵੀ ਉਲੰਘਣਾ ਹੈ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਵੀ। ਇਹੋ ਕਾਰਨ ਹੈ ਕਿ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਪ੍ਰਧਾਨ ਅਤੇ ਸੰਯੁਕਤ ਰਾਸ਼ਟਰ ਦੇ ਮੁਖੀ ਨੇ ਅਮਰੀਕੀ ਕਾਰਵਾਈ ਦੀ ਨਿਖੇਧੀ ਕਰਦਿਆਂ ਰਾਸ਼ਟਰਪਤੀ ਟਰੰਪ ਨੂੰ ਕੌਮਾਂਤਰੀ ਕਾਨੂੰਨਾਂ ਦੇ ਨਿਰਾਦਰ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਇਹ ਵੱਖਰੀ ਗੱਲ ਹੈ ਕਿ ਟਰੰਪ ਨੇ ਅਪਣੀਆਂ ਜੇਤੂ ਬੜ੍ਹਕਾਂ ਜਾਰੀ ਰੱਖਦਿਆਂ ਵੈਨੇਜ਼ੁਏਲਾ ਉਪਰ ਨਵੇਂ ਹਮਲੇ ਅਤੇ ਅੰਤਰਿਮ ਰਾਸ਼ਟਰਪਤੀ ਡੈਲਸੀ ਰੌਡ੍ਰੀਗੇਜ਼ ਦਾ ਹਸ਼ਰ, ਮਾਦੂਰੋ ਜੋੜੇ ਨਾਲੋਂ ਵੀ ਮਾੜਾ ਕਰਨ ਦੀਆਂ ਧਮਕੀਆਂ ਦਿਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵੈਨੇਜ਼ੁਏਲਾ ਦੇ ਗੁਆਂਢੀ ਮੁਲਕ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਡਰੋ ਅਤੇ ਮੈਕਸਿਕੋ ਦੀ ਰਾਸ਼ਟਰਪਤੀ ਕਲਾਡੀਆ ਸ਼ਿਨਬੌਮ ਨੂੰ ਵੀ ਆਪੋ-ਅਪਣੇ ਮੁਲਕ ਦੇ ‘ਨਸ਼ਾਫਰੋਸ਼ ਗਰੋਹਾਂ ਉੱਤੇ ਟੇਕ ਰੱਖਣੀ’’ ਬੰਦ ਕਰਨ ਦੀ ਚਿਤਾਵਨੀ ਦਿਤੀ ਹੈ। ਕੋਲੰਬੀਅਨ ਰਾਸ਼ਟਰਪਤੀ ਨੂੰ ਤਾਂ ਉਨ੍ਹਾਂ ਨੇ ‘‘ਵੈਨੇਜ਼ੁਏਲਾ ਵਾਲੀ ਹੋਣੀ ਭੁਗਤਣ ਵਾਸਤੇ ਤਿਆਰ ਰਹਿਣ’’ ਲਈ ਵੀ ਕਿਹਾ ਹੈ। ਉਨ੍ਹਾਂ ਦਾਅਵਾ ਹੈ ਕਿ ਇਹ ਤਿੰਨੋਂ ਮੁਲਕ ਨਸ਼ਿਆਂ ਦੇ ਕਾਰੋਬਾਰੀਆਂ ਤੇ ਸਮਗਲਰਾਂ ਦੀ ਮਦਦ ਨਾਲ ਅਮਰੀਕੀ ਸਮਾਜ ਨੂੰ ਨਸ਼ੇੜੀ ਬਣਾਉਣ ’ਤੇ ਤੁਲੇ ਹੋਏ ਹਨ।
ਟਰੰਪ ਵਲੋਂ ਵਰਤੀ ਜਾ ਰਹੀ ਬੋਲ-ਬਾਣੀ ਕਿਸੇ ਵੀ ਜ਼ਿੰਮੇਵਾਰ ਰਾਸ਼ਟਰ ਦੇ ਹੁਕਮਰਾਨ ਨੂੰ ਸੋਭਦੀ ਨਹੀਂ, ਪਰ ਟਰੰਪ ਤੋਂ ਪਹਿਲੇ ਕਈ ਅਮਰੀਕੀ ਰਾਸ਼ਟਰਪਤੀ ਵੀ ਤਾਕਤ ਦੇ ਨਸ਼ੇ ’ਚ ਅਹਿਮਕਾਨਾ ਆਪਹੁਦਰੀਆਂ ਲਈ ਜਾਣੇ ਜਾਂਦੇ ਰਹੇ ਹਨ। ਟਰੰਪ ਉਨ੍ਹਾਂ ਸਭਨਾਂ ਨਾਲੋਂ ਵੱਧ ਖ਼ਤਰਨਾਕ ਇਸ ਕਰ ਕੇ ਮੰਨੇ ਜਾਂਦੇ ਹਨ ਕਿ ਉਹ ਅਮਰੀਕੀ ਸੰਵਿਧਾਨਕ ਬੰਦਸ਼ਾਂ ਤੇ ਰਵਾਇਤਾਂ ਦੀ ਅਵੱਗਿਆ ਤੋਂ ਨਹੀਂ ਝਿਜਕਦੇ। ਅਮਰੀਕੀ ਸੰਵਿਧਾਨ ਨੇ ਰਾਸ਼ਟਰਪਤੀ ਨੂੰ ਉਸ ਦੇ ਕਾਰਜਕਾਲ ਦੌਰਾਨ ਵਿਧਾਨਕ, ਫ਼ੌਜਦਾਰੀ ਤੇ ਦੀਵਾਨੀ ਜਵਾਬਦੇਹੀ ਤੋਂ ਬਚਾਉਣ ਦੀਆਂ ਵਿਵਸਥਾਵਾਂ ਕੀਤੀਆਂ ਹੋਈਆਂ ਹਨ। ਟਰੰਪ ਅਜਿਹੀਆਂ ਧਾਰਾਵਾਂ ਦਾ ਪੂਰਾ ਲਾਭ ਲੈ ਰਹੇ ਹਨ। ਮਾਦੂਰੋ ਜੋੜੇ ਖ਼ਿਲਾਫ਼ ਕਾਰਵਾਈ ਉਨ੍ਹਾਂ ਵਲੋਂ ਅਮਰੀਕੀ ਧਰਤੀ ’ਤੇ ਨਸ਼ਿਆਂ ਦੇ ਨਾਜਾਇਜ਼ ਕਾਰੋਬਾਰ ਦੀ ਕਥਿਤ ਪੁਸ਼ਤਪਨਾਹੀ ਰਾਹੀਂ ਦਹਿਸ਼ਤਵਾਦ (ਨਾਰਕੋ ਦਹਿਸ਼ਤਵਾਦ) ਫ਼ੈਲਾਉਣ ਦੇ ਦੋਸ਼ਾਂ ਹੇਠ ਕੀਤੀ ਗਈ ਹੈ। ਅਜਿਹੀ ਫ਼ੌਜੀ ਕਾਰਵਾਈ ਤੋਂ ਪਹਿਲਾਂ ਕੈਰੇਬੀਅਨ ਸਾਗਰ ਵਿਚ ਵੈਨੇਜ਼ੁਏਲਾ ਦੀ ਆਰਥਿਕ ਤੇ ਜਲਸੈਨਿਕ ਨਾਕਾਬੰਦੀ ਕੀਤੀ ਗਈ ਅਤੇ ਦੋ ਦਰਜਨ ਤੋਂ ਵੱਧ ਕਿਸ਼ਤੀਆਂ ਨੂੰ ਇਸ ਦੋਸ਼ ਹੇਠ ਉਡਾ ਦਿੱਤਾ ਗਿਆ ਕਿ ਉਹ ਅਮਰੀਕਾ ਨੂੰ ਡਰੱਗਜ਼ (ਨਸ਼ੇ) ਸਪਲਾਈ ਕਰਨ ਲਈ ਵਰਤੀਆਂ ਜਾ ਰਹੀਆਂ ਸਨ। ਵੈਨੇਜ਼ੁਏਲਾ ਦੀ ਹਵਾਈ ਸੈਨਿਕ ਸ਼ਕਤੀ ਪਹਿਲਾਂ ਹੀ ਨਸ਼ਟ ਕੀਤੀ ਜਾ ਚੁੱਕੀ ਸੀ। ਇਸੇ ਲਈ ਅਮਰੀਕੀ ਲੜਾਕੂ ਜੈੱਟਾਂ ਜਾਂ ਫ਼ੌਜੀ ਹੈਲੀਕਾਪਟਰਾਂ ਨੂੰ ਕਰਾਕਸ ਹਮਲੇ ਦੌਰਾਨ ਕਿਸੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ।
ਬਹਰਹਾਲ, ਨਾਰਕੋ ਦਹਿਸ਼ਤਵਾਦ ਦੇ ਦੋਸ਼ਾਂ ਦੇ ਬਾਵਜੂਦ ਟਰੰਪ ਦੀ ਅਸਲ ਨਜ਼ਰ ਤਾਂ ਵੈਨੇਜ਼ਏਲਾ ਦੇ ਤੇਲ ਭੰਡਾਰਾਂ ਉੱਤੇ ਹੈ। ਇਹ ਭੰਡਾਰ 303 ਅਰਬ ਬੈਰਲ ਦੇ ਆਸ-ਪਾਸ ਮੰਨੇ ਜਾਂਦੇ ਹਨ। ਇਹ ਅਨੁਮਾਨ ਹੈ ਕਿ ਦੁਨੀਆਂ ਵਿਚਲੇ ਕੱਚੇ ਤੇਲ ਦਾ 17 ਫ਼ੀ ਸਦੀ ਭੰਡਾਰ ਇਕੱਲੇ ਵੈਨੇਜ਼ੁਏਲਾ ਕੋਲ ਹੈ। ਮਾਦੂਰੋ ਜਾਂ ਉਸ ਤੋਂ ਪਹਿਲੇ ਹੁਕਮਰਾਨਾਂ ਨੇ ਅਮਰੀਕੀ ਤੇਲ ਕੰਪਨੀਆਂ ਨੂੰ ਇਨ੍ਹਾਂ ਜ਼ਖੀਰਿਆਂ ਦੇ ਨੇੜੇ ਨਹੀਂ ਸੀ ਢੁਕਣ ਦਿੱਤਾ। ਹੁਣ ਅਮਰੀਕੀ ਹਮਲੇ ਨੇ ਇਸ ਨੀਤੀ ਨੂੰ ਪੂਰਾ ਗੇੜਾ ਦਿੱਤਾ ਜਾਣਾ ਸੰਭਵ ਬਣਾ ਦਿੱਤਾ ਹੈ। ਵੈਨੇਜ਼ੁਏਲਾ ਦਾ ਰਾਜ-ਪ੍ਰਬੰਧ ਅਮਰੀਕਾ ਵਲੋਂ ਚਲਾਏ ਜਾਣ ਦੇ ਟਰੰਪ ਦੇ ਐਲਾਨਾਂ ਦੇ ਬਾਵਜੂਦ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਪਸ਼ਟ ਕੀਤਾ ਹੈ ਕਿ ਅਮਰੀਕੀ ਦਖ਼ਲ, ਆਰਥਿਕ ਬੰਦਸ਼ਾਂ ਤੇ ਸ਼ਰਤਾਂ ਸਖ਼ਤੀ ਨਾਲ ਲਾਗੂ ਕਰਵਾਉਣ ਤਕ ਮਹਿਦੂਦ ਰਹੇਗਾ, ਨਿੱਤ ਦੇ ਪ੍ਰਸ਼ਾਸਨਿਕ ਕੰਮਾਂ ਵਿਚ ਨਹੀਂ। ਇਹ ਮੁਕਾਬਲਤਨ ਸੰਜੀਦਾ ਪਹੁੰਚ ਹੈ। ਇਤਿਹਾਸ ਦੱਸਦਾ ਹੈ ਕਿ ਅਮਰੀਕਾ ਨੇ ਜਿਸ ਕਿਸੇ ਮੁਲਕ ਵਿਚ ਪ੍ਰਸ਼ਾਸਨਿਕ ਦਖ਼ਲ ਦਿਤਾ, ਉਸੇ ਮੁਲਕ ਵਿਚ ਅਰਾਜਕਤਾ ਫ਼ੈਲ ਗਈ ਜੋ ਹੁਣ ਤਕ ਬਰਕਰਾਰ ਹੈ। ਇਰਾਕ, ਅਫ਼ਗਾਨਿਸਤਾਨ, ਸੀਰੀਆ ਤੇ ਕਰੋਏਸ਼ੀਆ ਇਸ ਦੀਆਂ ਸਪਸ਼ਟ ਮਿਸਾਲਾਂ ਹਨ। ਅਮਰੀਕੀ ਕਾਰਵਾਈਆਂ ਦਾ ਕੌਮਾਂਤਰੀ ਭਾਈਚਾਰੇ ਵਲੋਂ ਗਿਣਵੇਂ ਮਿਣਵੇਂ ਢੰਗ ਨਾਲ ਵਿਰੋਧ ਕੀਤਾ ਗਿਆ ਹੈ, ਖੁਲ੍ਹ ਕੇ ਨਹੀਂ। ਅਜਿਹੇ ਮੁਲਕਾਂ ਵਿਚ ਭਾਰਤ ਵੀ ਸ਼ਾਮਲ ਹੈ। ਇਸ ਦੀ ਇਕ ਵਜ੍ਹਾ ਤਾਂ ਮਾਦੂਰੋ ਦਾ ਹਕੂਮਤੀ ਰਿਕਾਰਡ ਹੈ ਅਤੇ ਦੂਜੀ ਵਜ੍ਹਾ ਇਹ ਹੈ ਕਿ ਤਾਕਤਵਰ ਮੁਲਕ ਵੀ ਟਰੰਪ ਦੀ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੇ। ਇਸ ਨੂੰ ‘ਅਸਲਵਾਦੀ ਪਹੁੰਚ’ ਦਸਿਆ ਜਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਅਜਿਹਾ ‘ਅਸਲਵਾਦ’ ਦੱਬੂਪੁਣੇ ਦੀ ਨਿਸ਼ਾਨੀ ਵੱਧ ਹੈ, ਸੂਝ ਤੇ ਦੂਰਅੰਦੇਸ਼ੀ ਦੀ ਘੱਟ।
