
ਇਹ ਸੀਜ਼ਫਾਇਰ ਭਾਰਤੀ ਸਮੇਂ ਅਨੁਸਾਰ ਸਵੇਰੇ 11.30 ਵਜੇ ਤੋਂ ਲਾਗੂ ਹੋ ਗਈ ਹੈ।
ਕੀਵ: ਰੂਸ ਨੇ ਯੂਕਰੇਨ ਦੇ ਯੁੱਧ ਪ੍ਰਭਾਵਿਤ ਖੇਤਰਾਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਯੂਕਰੇਨ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਇਹ ਸੀਜ਼ਫਾਇਰ ਯੂਕਰੇਨ ਦੇ ਦੋ ਸ਼ਹਿਰਾਂ ਮਾਰੀਓਪੋਲ ਅਤੇ ਵੋਲਵੋਨੋਖਾ ਵਿਚ ਕੀਤਾ ਗਿਆ ਹੈ। ਭਾਰਤੀਆਂ ਨੂੰ ਕੱਢਣ ਦੀ ਦਿਸ਼ਾ ਵਿਚ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ। ਇਹ ਸੀਜ਼ਫਾਇਰ ਭਾਰਤੀ ਸਮੇਂ ਅਨੁਸਾਰ ਸਵੇਰੇ 11.30 ਵਜੇ ਤੋਂ ਲਾਗੂ ਹੋ ਗਈ ਹੈ।
Ukraine President and Russia President
ਹਾਲਾਂਕਿ ਇਨ੍ਹਾਂ ਦੋਵਾਂ ਖੇਤਰਾਂ ਵਿਚ ਭਾਰਤੀਆਂ ਦੀ ਗਿਣਤੀ ਬਹੁਤ ਘੱਟ ਹੈ, ਫਿਰ ਵੀ ਇਹ ਸ਼ਾਂਤੀ ਦੀ ਦਿਸ਼ਾ ਵਿਚ ਇੱਕ ਚੰਗਾ ਕਦਮ ਹੈ। ਮੰਨਿਆ ਜਾ ਰਿਹਾ ਹੈ ਕਿ ਯੂਕਰੇਨ ਅਤੇ ਰੂਸ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਤੋਂ ਬਾਅਦ ਇਸ ਗ੍ਰੀਨ ਕੋਰੀਡੋਰ ਨੂੰ ਬਣਾਉਣ ਲਈ ਸਮਝੌਤਾ ਹੋਇਆ ਹੈ।
ਰੂਸ ਨੇ ਐਲਾਨ ਕੀਤਾ ਹੈ ਕਿ ਇਹ ਸੀਜ਼ਫਾਇਰ 11.30 ਵਜੇ ਸ਼ੁਰੂ ਹੋਵੇਗੀ, ਜੋ ਮਨੁੱਖੀ ਆਧਾਰ 'ਤੇ ਕੀਤੀ ਗਈ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਉੱਥੋਂ ਜਾਣ ਦਾ ਮੌਕਾ ਦਿੱਤਾ ਜਾ ਸਕੇ। ਰੂਸੀ ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ, 'ਅੱਜ 5 ਮਾਰਚ ਨੂੰ ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 10 ਵਜੇ, ਰੂਸੀ ਪੱਖ ਸੀਜ਼ਫਾਇਰ ਕਰਨ ਜਾ ਰਿਹਾ ਹੈ। ਰੂਸ ਮਾਰੀਓਪੋਲ ਅਤੇ ਵੋਲਵੋਨੋਖਾ ਵਿੱਚ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਜਾ ਰਿਹਾ ਹੈ।
Russia-Ukraine crisis
ਦੂਜੇ ਪਾਸੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਹਮਲੇ ਨੂੰ ਰੋਕਣ ਲਈ ਗੱਲਬਾਤ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਹਮਲਾ ਰੋਕਣ ਲਈ ਤਿਆਰ ਹਨ। ਇਨ੍ਹਾਂ ਵਿਚ ਯੂਕਰੇਨ ਦੀ ਇੱਕ ਨਿਰਪੱਖ ਅਤੇ ਗੈਰ-ਪ੍ਰਮਾਣੂ ਰਾਜ ਹੋਣ ਦੀ ਸ਼ਰਤ, ਰੂਸ ਦੇ ਹਿੱਸੇ ਵਜੋਂ ਕ੍ਰੀਮੀਆ ਦੀ ਮਾਨਤਾ ਅਤੇ ਪੂਰਬੀ ਯੂਕਰੇਨ ਦੇ ਵੱਖਵਾਦੀ ਖੇਤਰਾਂ ਦੀ ਪ੍ਰਭੂਸੱਤਾ ਸ਼ਾਮਲ ਹੈ। ਰੂਸ ਅਤੇ ਯੂਕਰੇਨ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਹੋਣੀ ਹੈ ਜਦਕਿ ਅੱਜ ਰੂਸ ਤੇ ਯੂਕਰੇਨ ਦੀ ਜੰਗ ਦਾ 10ਵਾਂ ਦਿਨ ਹੈ।