
ਅਧਿਕਾਰੀਆਂ ਨੇ ਸ਼ਾਂਤਮਈ ਖੇਤ ਮਜ਼ਦੂਰਾਂ ’ਤੇ ਹੋਏ ਕਾਇਰਾਨਾ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ
ਯੇਰੂਸ਼ਲਮ: ਇਜ਼ਰਾਈਲ ਦੀ ਉੱਤਰੀ ਸਰਹੱਦ ’ਤੇ ਮਾਰਗਾਲਿਓਟ ਨੇੜੇ ਇਕ ਬਾਗ ’ਤੇ ਲੇਬਨਾਨ ਦੇ ਹਿਜ਼ਬੁੱਲਾ ਅਤਿਵਾਦੀਆਂ ਵਲੋਂ ਦਾਗੀ ਗਈ ਟੈਂਕ ਵਿਰੋਧੀ ਮਿਜ਼ਾਈਲ ’ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ਾਂਤਮਈ ਖੇਤ ਮਜ਼ਦੂਰਾਂ ’ਤੇ ਹੋਏ ਕਾਇਰਾਨਾ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਸਿਆ ਕਿ ਤਿੰਨੋਂ ਵਿਅਕਤੀ ਕੇਰਲ ਦੇ ਰਹਿਣ ਵਾਲੇ ਹਨ।
ਬਚਾਅ ਸੇਵਾ ਮੈਗੇਨ ਡੇਵਿਡ ਅਡੋਮ (ਐਮ.ਡੀ.ਏ.) ਦੇ ਬੁਲਾਰੇ ਜ਼ਕੀ ਹੇਲਰ ਨੇ ਦਸਿਆ ਕਿ ਮਿਜ਼ਾਈਲ ਸੋਮਵਾਰ ਸਵੇਰੇ ਕਰੀਬ 11 ਵਜੇ ਉੱਤਰੀ ਇਜ਼ਰਾਈਲ ਦੇ ਗਲੀਲੀ ਖੇਤਰ ਦੇ ਮਾਰਗਲਿਅਟ ਦੇ ਬਾਗ ’ਚ ਡਿੱਗੀ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਕੇਰਲ ਦੇ ਕੋਲਮ ਦੇ ਰਹਿਣ ਵਾਲੇ ਪੈਟੀਨੀਬਿਨ ਮੈਕਸਵੈਲ (30) ਦੀ ਇਸ ਹਮਲੇ ’ਚ ਮੌਤ ਹੋ ਗਈ। ਉਨ੍ਹਾਂ ਨੇ ਦਸਿਆ ਕਿ ਇਸ ਘਟਨਾ ’ਚ ਬੁਸ਼ ਜੋਸਫ ਜਾਰਜ (31) ਅਤੇ ਪਾਲ ਮੇਲਵਿਨ (28) ਵੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਰਜ ਦੇ ਚਿਹਰੇ ਅਤੇ ਸਰੀਰ ’ਤੇ ਸੱਟਾਂ ਲੱਗਣ ਕਾਰਨ ਉਸ ਨੂੰ ਬਿਲਿਨਸਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਸ ਦਾ ਆਪਰੇਸ਼ਨ ਹੋਇਆ ਹੈ। ਉਹ ਸੱਟਾਂ ਤੋਂ ਠੀਕ ਹੋ ਰਿਹਾ ਹੈ ਅਤੇ ਨਿਗਰਾਨੀ ਹੇਠ ਹੈ। ਉਹ ਭਾਰਤ ’ਚ ਅਪਣੇ ਪਰਵਾਰ ਨਾਲ ਗੱਲ ਕਰ ਸਕਦਾ ਹੈ।
ਮੇਲਵਿਨ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਉੱਤਰੀ ਇਜ਼ਰਾਈਲ ਦੇ ਸ਼ਹਿਰ ਸਫੇਦ ਦੇ ਜੂਲੋਜੀਕਲ ਹਸਪਤਾਲ ਲਿਜਾਇਆ ਗਿਆ। ਉਹ ਕੇਰਲ ਦੇ ਇਡੁੱਕੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਨਵੀਂ ਦਿੱਲੀ ’ਚ ਇਜ਼ਰਾਈਲ ਦੇ ਸਫ਼ਾਰਤਖ਼ਾਨੇ ਨੇ ਕਿਹਾ, ‘‘ਸ਼ੀਆ ਅਤਿਵਾਦੀ ਸੰਗਠਨ ਹਿਜ਼ਬੁੱਲਾ ਵਲੋਂ ਸ਼ਾਂਤਮਈ ਖੇਤ ਮਜ਼ਦੂਰਾਂ ’ਤੇ ਕੀਤੇ ਗਏ ਕਾਇਰਾਨਾ ਅਤਿਵਾਦੀ ਹਮਲੇ ’ਚ ਇਕ ਭਾਰਤੀ ਨਾਗਰਿਕ ਦੀ ਮੌਤ ਅਤੇ ਦੋ ਹੋਰ ਦੇ ਜ਼ਖਮੀ ਹੋਣ ’ਤੇ ਅਸੀਂ ਬਹੁਤ ਦੁਖੀ ਹਾਂ। ਇਹ ਮਜ਼ਦੂਰ ਕੱਲ੍ਹ ਦੁਪਹਿਰ ਉੱਤਰੀ ਪਿੰਡ ਮਾਰਗਲਿਓਟ ਦੇ ਇਕ ਬਾਗ ’ਚ ਖੇਤੀ ਕਰ ਰਹੇ ਸਨ।’’
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਗਿਆ ਹੈ, ‘‘ਸਾਡੀਆਂ ਪ੍ਰਾਰਥਨਾਵਾਂ ਅਤੇ ਹਮਦਰਦੀ ਪੀੜਤ ਪਰਵਾਰਾਂ ਅਤੇ ਜ਼ਖਮੀਆਂ ਨਾਲ ਹੈ। ਇਜ਼ਰਾਈਲੀ ਮੈਡੀਕਲ ਸੰਸਥਾਵਾਂ ਪੂਰੀ ਤਰ੍ਹਾਂ ਜ਼ਖਮੀਆਂ ਦੀ ਦੇਖਭਾਲ ਕਰ ਰਹੀਆਂ ਹਨ ਜਿਨ੍ਹਾਂ ਦਾ ਇਲਾਜ ਸਾਡੇ ਸ਼ਾਨਦਾਰ ਡਾਕਟਰੀ ਕਰਮਚਾਰੀਆਂ ਵਲੋਂ ਕੀਤਾ ਜਾ ਰਿਹਾ ਹੈ।’’ ਇਸ ਵਿਚ ਕਿਹਾ ਗਿਆ ਹੈ ਕਿ ਇਜ਼ਰਾਈਲ ਅਤਿਵਾਦ ਨਾਲ ਜ਼ਖਮੀ ਜਾਂ ਮਾਰੇ ਗਏ ਸਾਰੇ ਨਾਗਰਿਕਾਂ ਨਾਲ ਬਰਾਬਰ ਦਾ ਵਿਵਹਾਰ ਕਰਦਾ ਹੈ ਅਤੇ ਉਹ ਉਨ੍ਹਾਂ ਦੇ ਪਰਵਾਰਾਂ ਦੀ ਸਹਾਇਤਾ ਕਰੇਗਾ। ਹਿਜ਼ਬੁੱਲਾ ਗਾਜ਼ਾ ਪੱਟੀ ਵਿਚ ਚੱਲ ਰਹੇ ਜੰਗ ਦੇ ਵਿਚਕਾਰ ਹਮਾਸ ਦੇ ਸਮਰਥਨ ਵਿਚ 8 ਅਕਤੂਬਰ ਤੋਂ ਉੱਤਰੀ ਇਜ਼ਰਾਈਲ ਵਿਚ ਰੋਜ਼ਾਨਾ ਰਾਕੇਟ, ਮਿਜ਼ਾਈਲ ਅਤੇ ਡਰੋਨ ਹਮਲੇ ਕਰ ਰਿਹਾ ਹੈ।