
ਟੈਕਸਾਸ ’ਚ ਮਾਪਿਆਂ ਦੀ ਸਹਿਮਤੀ ਤੋਂ ਬਗ਼ੈਰ ਬੱਚਿਆਂ ਨੂੰ ਦਾਗਣਾ ਜਾਂ ਟੈਟੂ ਬਣਾਉਣਾ ਗੈਰਕਾਨੂੰਨੀ ਹੈ
ਹਿਊਸਟਨ: ਅਮਰੀਕਾ ਦੇ ਟੈਕਸਾਸ ਸੂਬੇ ’ਚ ਭਾਰਤੀ ਮੂਲ ਦੇ ਇਕ ਵਿਅਕਤੀ ਨੇ ਇਕ ਹਿੰਦੂ ਮੰਦਰ ਅਤੇ ਉਸ ਨਾਲ ਜੁੜੀ ਕੰਪਨੀ ’ਤੇ ਮੁਕੱਦਮਾ ਦਾਇਰ ਕਰ ਕੇ 10 ਲੱਖ ਡਾਲਰ ਤੋਂ ਵੱਧ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਵਿਅਕਤੀ ਦੇ 11 ਸਾਲ ਦੇ ਬੇਟੇ ’ਤੇ 2023 ’ਚ ਇਕ ਧਾਰਮਕ ਸਮਾਰੋਹ ਦੌਰਾਨ ਲੋਹੇ ਦੀ ਗਰਮ ਰਾਡ ਦਾਗਿਆ ਗਿਆ ਸੀ।
ਫੋਰਟ ਬੈਂਡ ਕਾਊਂਟੀ ਦੇ ਵਸਨੀਕ ਵਿਜੇ ਚੇਰੂਵੂ ਨੇ ਦਸਿਆ ਕਿ ਪਿਛਲੇ ਸਾਲ ਅਗੱਸਤ ’ਚ ਟੈਕਸਾਸ ਦੇ ਸ਼ੂਗਰਲੈਂਡ ’ਚ ਸ਼੍ਰੀ ਅਸ਼ਟਲਕਸ਼ਮੀ ਹਿੰਦੂ ਮੰਦਰ ’ਚ ਇਕ ਧਾਰਮਕ ਸਮਾਰੋਹ ਦੌਰਾਨ ਉਨ੍ਹਾਂ ਦੇ ਬੇਟੇ ਨੂੰ ਲੋਹੇ ਦੀ ਗਰਮ ਰਾਡ ਨਾਲ ਦਾਗ ਦਿਤਾ ਗਿਆ ਸੀ। ਫੋਰਟ ਬੈਂਡ ਕਾਊਂਟੀ ਵਿਚ ਇਸ ਹਫਤੇ ਦਾਇਰ ਮੁਕੱਦਮੇ ਦੇ ਅਨੁਸਾਰ, ਲੜਕੇ ਨੂੰ ਬਹੁਤ ਦਰਦ ਹੋਇਆ ਸੀ ਅਤੇ ਥਾਂ ਤੋਂ ਚਮੜੀ ਕਰੂਪ ਹੋ ਗਈ ਸੀ। ਮੰਦਰ ਅਤੇ ਇਸ ਦੀ ਮੂਲ ਸੰਸਥਾ ਜੀਅਰ ਐਜੂਕੇਸ਼ਨਲ ਟਰੱਸਟ (ਜੇ.ਈ.ਟੀ.) ਯੂ.ਐਸ.ਏ. ਇੰਕ. ਚੇਰੂਵੂ ਚੇਰੂਵੂ ਦੇ ਵਿਰੁਧ ਮੁਕੱਦਮੇ ’ਚ 10 ਲੱਖ ਤੋਂ ਵੱਧ ਦੇ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ।
ਚੇਰੂਵੂ ਨੇ ਇੱਥੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਮੈਂ ਹੈਰਾਨ ਸੀ। ਮੈਨੂੰ ਨਹੀਂ ਪਤਾ ਸੀ ਕਿ ਉਸ ਨਾਲ ਕਿਵੇਂ ਨਜਿੱਠਣਾ ਹੈ। ਮੇਰੀ ਮੁੱਢਲੀ ਚਿੰਤਾ ਮੇਰੇ ਬੇਟੇ ਦੀ ਭਲਾਈ ਹੈ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਮੋਢੇ ’ਤੇ ਦੋ ਥਾਵਾਂ ’ਤੇ ਗਰਮ ਸੀਖ ਨਾਲ ਦਾਗ ਕੇ ਭਗਵਾਨ ਵਿਸ਼ਨੂੰ ਦੀ ਮੂਰਤੀ ਬਣਾਈ ਗਈ ਸੀ। ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਗੱਸਤ ਵਿਚ ਸ਼ੂਗਰਲੈਂਡ ਦੇ ਸਿਨੋਟ ਰੋਡ ’ਤੇ ਅਸ਼ਟਲਕਸ਼ਮੀ ਮੰਦਰ ਵਿਚ ਕਰਵਾਏ ਸਮਾਰੋਹ ਵਿਚ 100 ਤੋਂ ਵੱਧ ਲੋਕ ਸ਼ਾਮਲ ਹੋਏ ਸਨ। ਉਨ੍ਹਾਂ ਵਿਚੋਂ ਤਿੰਨ ਬੱਚੇ ਸਨ, ਜਿਨ੍ਹਾਂ ਵਿਚ ਚੇਰੂਵੂ ਦਾ ਬੇਟਾ ਵੀ ਸ਼ਾਮਲ ਸੀ। ਚੇਰੂਵੂ ਦੇ ਵਕੀਲ ਬ੍ਰਾਂਟ ਸਟੋਗਨਰ ਨੇ ਕਿਹਾ ਕਿ ਮੁੰਡੇ ਨੂੰ ਦੋਵੇਂ ਮੋਢਿਆਂ ’ਤੇ ਦਾਗਿਆ ਗਿਆ, ਜਿਸ ਕਾਰਨ ਉਸ ਨੂੰ ਬਹੁਤ ਦਰਦ ਹੋਇਆ ਅਤੇ ਬਾਅਦ ’ਚ ਇਨਫੈਕਸ਼ਨ ਹੋ ਗਿਆ।
ਸਟੋਗਨਰ ਦੇ ਅਨੁਸਾਰ, ਮੁੰਡਾ ਅਪਣੀ ਮਾਂ ਨਾਲ ਸਮਾਰੋਹ ’ਚ ਸ਼ਾਮਲ ਹੋਇਆ ਸੀ ਅਤੇ ਉਸ ਦੀ ਇੱਛਾ ਦੇ ਵਿਰੁਧ ਅਤੇ ਉਸ ਦੇ ਪਿਤਾ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਗੈਰ ਉਸ ਨੂੰ ਗਰਮ ਸੀਖ ਨਾਲ ਦਾਗਿਆ ਗਿਆ ਸੀ। ਟੈਕਸਾਸ ’ਚ ਮਾਪਿਆਂ ਦੀ ਸਹਿਮਤੀ ਤੋਂ ਬਗ਼ੈਰ ਬੱਚਿਆਂ ਨੂੰ ਦਾਗਣਾ ਜਾਂ ਟੈਟੂ ਬਣਾਉਣਾ ਗੈਰਕਾਨੂੰਨੀ ਹੈ। ਸੰਪਰਕ ਕੀਤਾ ਜਾਣ ’ਤੇ ਮੰਦਰ ਵਲੋਂ ਕੋਈ ਜਵਾਬ ਨਹੀਂ ਮਿਲਿਆ।