
ਆਸਟ੍ਰੇਲੀਆ ਵਿਚ ਹੁਣ ਬੱਚੇ ਆਨਲਾਈਨ ਪੜ੍ਹ ਸਕਣਗੇ 'ਮਾਂ ਬੋਲੀ ਪੰਜਾਬੀ'
ਪਰਥ, 4 ਮਈ (ਪਿਆਰਾ ਸਿੰਘ ਨਾਭਾ) : ਆਸਟ੍ਰੇਲੀਆ 'ਚ ਸਿਡਨੀ ਦੇ ਗੁਰੂ ਨਾਨਕ ਪੰਜਾਬੀ ਸਕੂਲ ਦੇ ਸਿਖਿਆ ਡਾਇਰੈਟਰ ਸੁਖਰਾਜ ਸਿੰਘ ਸੰਧੂ ਦਾ ਕਹਿਣਾ ਹੈ ਕਿ ਕੋਵਿਡ-19 ਦੀਆਂ ਬੰਦਸ਼ਾਂ ਨੇ ਸਾਨੂੰ ਨਿਵੇਕਲੇ ਤਰੀਕੇ ਅਪਨਾਉਣ ਲਈ ਸੋਚਣ 'ਤੇ ਮਜ਼ਬੂਰ ਕਰ ਦਿਤਾ ਕਿ ਕਿਸ ਤਰ੍ਹਾਂ ਅਸੀਂ ਅਪਣੀ ਮਾਂ-ਬੋਲੀ ਪੰਜਾਬੀ ਨੂੰ ਬਾਕੀ ਦੇ ਸਕੂਲਾਂ ਅਤੇ ਕਾਲਜਾਂ ਵਾਂਗ ਆਨਲਾਈਨ ਪੜ੍ਹਾ ਸਕਦੇ ਹਾਂ।
ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਚਲਾਏ ਜਾਣ ਵਾਲੇ ਗੁਰੂ ਨਾਨਕ ਪੰਜਾਬੀ ਸਕੂਲ, ਜਿਸ ਵਿਚ 500 ਦੇ ਕਰੀਬ ਬੱਚੇ ਪੰਜਾਬੀ ਸਿਖਦੇ ਹਨ, ਪਰ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਸਕੂਲ ਅਚਾਨਕ ਹੀ ਬੰਦ ਕਰਨਾ ਪਿਆ ਸੀ। ਸਕੂਲ ਪ੍ਰਬੰਧਕਾਂ ਵਲੋਂ ਸਾਂਝੇ ਤੌਰ 'ਤੇ ਫ਼ੈਸਲਾ ਲਿਆ ਗਿਆ ਕਿ ਪੰਜਾਬੀ ਨੂੰ ਵੀ ਆਨਲਾਈਨ ਪੜ੍ਹਾਇਆ ਜਾਣਾ ਚਾਹੀਦਾ ਹੈ।
ਗੁਰੂ ਨਾਨਕ ਪੰਜਾਬੀ ਸਕੂਲ ਦੇ ਤਕਨੀਕੀ ਮਾਹਰ ਗੁਰਿੰਦਰ ਸਿੰਘ ਨੇ ਕਿਹਾ ਅੰਤ 'ਚ ਗੂਗਲ ਕਲਾਸਰੂਮ ਨੂੰ ਵਰਤਣ ਦਾ ਫ਼ੈਸਲਾ ਲਿਆ ਗਿਆ। ਬੇਸ਼ਕ ਇਹ ਐਪ ਸਰਕਾਰੀ ਮਦਦ ਪ੍ਰਾਪਤ ਕਰਨ ਵਾਲੇ ਅਦਾਰਿਆਂ ਲਈ ਮੁਫ਼ਤ ਨਹੀਂ ਦਿਤੀ ਜਾਂਦੀ ਪਰ ਫੇਰ ਵੀ ਸਕੂਲ ਅਤੇ ਐਸੋਸੀਏਸ਼ਨ ਵਲੋਂ ਕੀਤੇ ਯਤਨਾਂ ਸਦਕਾ ਗੂਗਲ ਨੇ ਇਸ ਐਪ ਨੂੰ ਮੁਫਤ ਵਿੱਚ ਵਰਤਣ ਦੀ ਆਗਿਆ ਦੇ ਹੀ ਦਿਤੀ।
ਗੂਗਲ ਕਲਾਸਰੂਮ ਐਪ ਦੀ ਮਦਦ ਨਾਲ ਅਸੀਂ ਅਪਣੇ ਸਾਰੇ ਸਬਕ ਇੱਕੋ ਜਗ੍ਹਾ 'ਤੇ ਇਕੱਠੇ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਭਵਿੱਖ ਲਈ ਵੀ ਸੰਭਾਲ ਕੇ ਰੱਖ ਸਕਦੇ ਹਾਂ। ਅਸੀਂ 'ਜ਼ੂਮ ਐਪ' ਦੀ ਵਰਤੋਂ ਕਰਾਂਗੇ ਜਿਸ ਵਿਚ 40 ਮਿੰਟਾਂ ਦਾ ਸੈਸ਼ਨ ਮੁਫ਼ਤ ਹੁੰਦਾ ਹੈ। ਇਸ ਸਮੇਂ ਅਸੀਂ ਅਧਿਆਪਕਾਂ ਨੂੰ ਸਿਖਲਾਈ ਦੇ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਬੱਚਿਆਂ ਨੂੰ ਵੀ ਇਸ ਦੇ ਇਸਤੇਮਾਲ ਬਾਬਤ ਸਿਖਲਾਈ ਦਿਤੀ ਜਾਵੇਗੀ।