
ਇਸਲਾਮ ਕਬੂਲ ਕਰਨ ਵਾਲਿਆਂ 'ਚ 23 ਔਰਤਾਂ ਤੇ ਇਕ ਸਾਲ ਦੀ ਬੱਚੀ ਵੀ ਸ਼ਾਮਲ
ਸਾਰਿਆਂ ਨੇ ਅਪਣੀ ਮਰਜ਼ੀ ਨਾਲ ਕਬੂਲ ਕੀਤਾ ਇਸਲਾਮ : ਕਾਰੀ ਤੈਮੂਰ ਰਾਜਪੂਤ
ਇਸਲਾਮਾਬਾਦ : ਪਾਕਿਸਤਾਨ ਦੇ ਦੱਖਣੀ ਸੂਬੇ ਸਿੰਧ ਵਿਚ 10 ਪਰਿਵਾਰਾਂ ਦੇ ਘੱਟੋ-ਘੱਟ 50 ਮੈਂਬਰਾਂ ਨੇ ਇਸਲਾਮ ਕਬੂਲ ਕਰ ਲਿਆ ਹੈ, ਜਿਸ ਨਾਲ ਹਿੰਦੂ ਕਾਰਕੁਨਾਂ ਦੀ ਚਿੰਤਾ 'ਚ ਇਜ਼ਾਫ਼ਾ ਹੋਇਆ ਹੈ ਅਤੇ ਉਨ੍ਹਾਂ ਨੇ ਸਰਕਾਰ 'ਤੇ ਸਮੂਹਕ ਧਰਮ ਪ੍ਰਵਰਤਨ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।
ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਇਹ ਲੋਕ ਸੂਬੇ ਦੇ ਮੀਰਪੁਰਖਾਸ ਖੇਤਰ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਬੈਤ-ਉਲ ਇਮਾਨ ਨਿਊ ਮੁਸਲਿਮ ਕਾਲੋਨੀ ਮਦਰੱਸੇ 'ਚ ਕਰਵਾਏ ਗਏ ਇਕ ਸਮਾਗਮ ਦੌਰਾਨ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕੀਤਾ।
ਮਦਰੱਸੇ ਦੀ ਸੰਭਾਲ ਕਰਨ ਵਾਲੇ ਕਾਰੀ ਤੈਮੂਰ ਰਾਜਪੂਤ ਨੇ ਪੁਸ਼ਟੀ ਕੀਤੀ ਕਿ 10 ਪ੍ਰਵਾਰਾਂ ਦੇ ਘੱਟੋ-ਘੱਟ 50 ਮੈਂਬਰਾਂ ਨੇ ਇਸਲਾਮ ਕਬੂਲ ਕਰ ਲਿਆ ਹੈ, ਜਿਨ੍ਹਾਂ ਵਿਚ 23 ਔਰਤਾਂ ਅਤੇ ਇਕ ਸਾਲ ਦੀ ਬੱਚੀ ਵੀ ਸ਼ਾਮਲ ਹੈ। ਖ਼ਬਰਾਂ ਮੁਤਾਬਕ ਧਰਮ ਪ੍ਰਵਰਤਨ ਸਮਾਗਮ 'ਚ ਧਾਰਮਕ ਮਾਮਲਿਆਂ ਦੇ ਮੰਤਰੀ ਮੁਹੰਮਦ ਤਲਹਾ ਮਹਿਮੂਦ ਦੇ ਬੇਟੇ ਮੁਹੰਮਦ ਸ਼ਮਰੋਜ਼ ਖਾਨ ਨੇ ਸ਼ਿਰਕਤ ਕੀਤੀ।
ਰਾਜਪੂਤ ਨੇ ਖਾਨ ਦੇ ਹਵਾਲੇ ਨਾਲ ਕਿਹਾ, “ਉਨ੍ਹਾਂ ਸਾਰਿਆਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ। ਉਨ੍ਹਾਂ ਨੂੰ ਕਿਸੇ ਨੇ ਮਜ਼ਬੂਰ ਨਹੀਂ ਕੀਤਾ।" ਦੂਜੇ ਪਾਸੇ ਹਿੰਦੂ ਕਾਰਕੁਨ ਸਮੂਹਕ ਧਰਮ ਪਰਿਵਰਤਨ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਨੇ ਆਪਣਾ ਗੁੱਸਾ ਅਤੇ ਨਿਰਾਸ਼ਾ ਜ਼ਾਹਰ ਕੀਤੀ ਹੈ।
ਧਰਮ ਪ੍ਰਵਰਤਨ ਵਿਰੁਧ ਅਕਸਰ ਆਵਾਜ਼ ਬੁਲੰਦ ਕਰਨ ਵਾਲੇ ਹਿੰਦੂ ਕਾਰਕੁਨ ਫਕੀਰ ਸ਼ਿਵ ਕੁਚੀ ਨੇ ਕਿਹਾ, "ਇਸ ਤਰ੍ਹਾਂ ਲਗਦਾ ਹੈ ਕਿ ਸਰਕਾਰ ਖ਼ੁਦ ਇਸ ਧਰਮ ਪ੍ਰਵਰਤਨ ਵਿਚ ਸ਼ਾਮਲ ਹੈ।"
ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਭਾਈਚਾਰੇ ਦੇ ਲੋਕ ਸਰਕਾਰ ਤੋਂ ਧਰਮ ਪ੍ਰਵਰਤਨ ਵਿਰੁਧ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ, "ਸਿੰਧ ਵਿਚ ਧਰਮ ਪ੍ਰਵਰਤਨ ਇਕ ਗੰਭੀਰ ਮੁੱਦਾ ਹੈ, ਅਤੇ ਇਸ ਨੂੰ ਰੋਕਣ ਲਈ ਢੁਕਵੇਂ ਹਾਲ ਕਢਣ ਦੀ ਬਜਾਏ, ਇਕ ਸੰਘੀ ਮੰਤਰੀ ਦਾ ਪੁੱਤਰ ਧਰਮ ਪ੍ਰਵਰਤਨ ਸਮਾਗਮਾਂ ਵਿਚ ਸ਼ਾਮਲ ਹੁੰਦਾ ਹੈ।"