
Vancouver Marathon News: 65 ਦੇਸ਼ਾਂ ਦੇ ਦੌੜਾਕਾਂ ਨੇ ਕੀਤੀ ਸ਼ਿਰਕਤ
25,000 runners participated in the Vancouver Marathon News: ਕੈਨੇਡਾ ਦੇ ਵੈਨਕੂਵਰ 'ਚ ਐਤਵਾਰ ਨੂੰ ਬੀ.ਐਮ.ਓ ਵੈਨਕੂਵਰ ਮੈਰਾਥਨ ਦੌੜ 'ਚ ਤਕਰੀਬਨ 25 ਹਜ਼ਾਰ ਦੇ ਕਰੀਬ ਦੌੜਾਕਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਇਸ ਮੈਰਾਥਨ 'ਚ ਕੈਨੇਡਾ ਤੋਂ ਇਲਾਵਾ 65 ਦੇ ਕਰੀਬ ਦੂਸਰੇ ਮੁਲਕਾਂ ਦੇ ਦੌੜਾਕਾਂ ਨੇ ਬੜੇ ਹੀ ਉਤਸ਼ਾਹ ਅਤੇ ਦਿਲਚਸਪੀ ਨਾਲ ਸ਼ਮੂਲੀਅਤ ਕੀਤੀ।
ਇਸ ਮੈਰਾਥਨ 'ਚ ਸ਼ਿਰਕਤ ਕਰਨ ਵਾਲਿਆਂ 'ਚ ਬੱਚੇ, ਨੌਜਵਾਨ ਅਤੇ ਬਜ਼ੁਰਗ ਵੀ ਸ਼ਾਮਲ ਸਨ। 8 ਕਿਲੋਮੀਟਰ ਲੰਬੀ ਇਹ ਮੈਰਾਥਨ ਦੌੜ ਨੂੰ ਦੋ ਭਾਗਾਂ 'ਚ ਵੰਡਿਆ ਗਿਆ ਸੀ। ਇਹ ਦੌੜ ਕਵੀਨ ਐਲਜਾਬੈਥ ਪਾਰਕ ਤੋਂ ਸ਼ੁਰੂ ਹੋ ਕੇ ਸਟੈਨਲੀ ਪਾਰਕ ਰਾਹੀਂ ਹੁੰਦੀ ਹੋਈ ਪੈਡਰ ਸਟਰੀਟ ਨੇੜੇ ਖ਼ਤਮ ਹੋਈ।
ਇਸ ਮੈਰਾਥਨ ਦੌੜ ਦੇ ਮੱਦੇਨਜ਼ਰ ਆਮ ਰਾਹਗੀਰਾਂ ਦੀ ਟਰੈਫ਼ਿਕ ਵਿਵਸਥਾ ਨੂੰ ਨਿਰਵਿਘਨ ਚਲਦਾ ਰੱਖਣ ਲਈ ਬਦਲਵੇਂ ਰੂਟਾਂ ਦੀ ਵਿਉਂਤਬੰਦੀ ਕੀਤੀ ਗਈ ਸੀ। ਇਹ ਵੀ ਜ਼ਿਕਰਯੋਗ ਹੈ ਕਿ 1972 'ਚ ਸ਼ੁਰੂ ਹੋਈ ਇਸ ਮੈਰਾਥਨ ਦੌੜ 'ਚ ਉਸ ਵੇਲੇ 32 ਦੌੜਾਕਾਂ ਨੇ ਭਾਗ ਲਿਆ ਸੀ। ਜਦੋਂਕਿ ਹੁਣ ਇਸ 'ਚ ਭਾਗ ਲੈਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਦੌੜਾਕਾਂ ਤੱਕ ਪਹੁੰਚ ਗਈ ਹੈ।
ਵੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ