
RCMP ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ
ਗੈਂਗਸਟਰ ਦੇ ਸਾਬਕਾ ਡਰਾਈਵਰ ਅਤੇ ਸੰਪਰਕ 'ਚ ਆਉਣ ਵਾਲਿਆਂ ਦੀ ਕੀਤੀ ਜਾ ਰਹੀ ਭਾਲ
ਬ੍ਰਿਟਿਸ਼ ਕੋਲੰਬੀਆ : ਕੈਨੇਡਾ ਵਿਚ ਇਕ ਭਾਰਤੀ ਮੂਲ ਦੇ ਕੈਨੇਡੀਅਨ ਗੈਂਗਸਟਰ ਕਰਨਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਪੁਲਿਸ ਨੇ ਦਸਿਆ ਕਿ ਬੀਤੇ ਐਤਵਾਰ (2 ਜੁਲਾਈ) ਨੂੰ ਇਕ 25 ਸਾਲਾ ਭਾਰਤੀ-ਕੈਨੇਡੀਅਨ ਵਿਅਕਤੀ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਮ੍ਰਿਤਕ ਦੀ ਪਛਾਣ ਗੈਂਗਸਟਰ ਕਰਨਵੀਰ ਸਿੰਘ ਗਰਚਾ ਵਜੋਂ ਹੋਈ ਹੈ। ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ.ਐਚ.ਆਈ.ਟੀ.) ਨੇ ਕਿਹਾ ਕਿ ਮਰਨ ਵਾਲਾ ਵਿਅਕਤੀ ਗੈਂਗਸਟਰ ਗੈਂਗ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸੀ।
ਇਹ ਵੀ ਪੜ੍ਹੋ: ਜੈ ਇੰਦਰ ਕੌਰ ਨੇ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਸੌਦਾਨ ਸਿੰਘ ਨਾਲ ਕੀਤੀ ਮੁਲਾਕਾਤ
ਸਥਾਨਕ ਮੀਡੀਆ ਰੀਪੋਰਟਾਂ ਅਨੁਸਾਰ ਕੋਕਿਟਲਮ ਸ਼ਹਿਰ ਵਿਚ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਐਤਵਾਰ ਰਾਤ 9.20 ਵਜੇ, ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰ.ਸੀ.ਐਮ.ਪੀ.) ਨੂੰ ਜਾਣਕਾਰੀ ਮਿਲੀ ਸੀ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਕਰਨਵੀਰ ਸਿੰਘ ਗਰਚਾ ਨੂੰ ਤੁਰਤ ਨੇੜਲੇ ਹਸਪਤਾਲ ਪਹੁੰਚਾਇਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਟਿਮੋਥੀ ਪਿਰੋਟੀ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਹੀ ਅਤੇ ਗੋਲਾਬਾਰੀ ਦੀ ਘਟਨਾ ਤੋਂ ਕੁਝ ਦਿਨ ਪਹਿਲਾਂ ਤਕ ਗਰਚਾ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਤੋਂ ਇਲਾਵਾ ਗੈਂਗਸਟਰ ਦੇ ਸਾਬਕਾ ਡਰਾਈਵਰ ਦੀ ਭਾਲ ਜਾਰੀ ਹੈ।
ਪਿਛਲੇ ਸਾਲ ਦਸੰਬਰ ਵਿਚ, ਸਰੀ ਆਰ.ਸੀ.ਐਮ.ਪੀ. ਨੇ ਗਰਚਾ ਅਤੇ 22 ਸਾਲਾ ਹਰਕੀਰਤ ਝੂਟੀ ਲਈ ਇਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਸੀ, ਜੋ ਕਥਿਤ ਤੌਰ 'ਤੇ ਗੈਂਗਸਟਰ ਗਤੀਵਿਧੀਆਂ ਵਿਚ ਸ਼ਾਮਲ ਸਨ। ਉਸ ਸਮੇਂ, ਸਰੀ ਆਰ.ਸੀ.ਐਮ.ਪੀ. ਨੇ ਤਸਵੀਰ ਨਾਲ ਇਕ ਪ੍ਰੈਸ ਰਿਲੀਜ਼ ਜਾਰੀ ਕਰ ਕੇ ਦਸਿਆ ਕਿ ਇਹ ਦੋ ਵਿਅਕਤੀ ਅਪਰਾਧਕ ਗਤੀਵਿਧੀਆਂ ਅਤੇ ਉੱਚ ਪੱਧਰੀ ਹਿੰਸਾ ਵਿਚ ਸ਼ਾਮਲ ਸਨ। ਇਨ੍ਹਾਂ ਕਾਰਨ ਕਿਸੇ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਹ ਲੋਕ ਨਸ਼ੇ ਦੇ ਕਾਰੋਬਾਰ ਅਤੇ ਗੋਲੀਬਾਰੀ ਵਰਗੀਆਂ ਹਿੰਸਕ ਕਾਰਵਾਈਆਂ ਵਿਚ ਸ਼ਾਮਲ ਹਨ।