
ਦੇਸ਼ ਭਰ ਵਿਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ
24-Hour Rain Wreaks Havoc in Nepal, Schools And Offices Closed Latest News in Punjabi ਨਵੀਂ ਦਿੱਲੀ: ਸ਼ੁਕਰਵਾਰ ਸ਼ਾਮ ਤੋਂ ਨੇਪਾਲ ਵਿਚ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਆਮ ਜਨਜੀਵਨ ਪ੍ਰਭਾਵਤ ਹੋ ਰਿਹਾ ਹੈ। ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਕਾਠਮੰਡੂ ਨੂੰ ਜੋੜਨ ਵਾਲੀਆਂ ਸਾਰੀਆਂ ਸੜਕਾਂ ਬੰਦ ਕਰ ਦਿਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਅਗਲੇ ਤਿੰਨ ਦਿਨਾਂ ਲਈ ਸਾਰੀਆਂ ਸੜਕਾਂ ਬੰਦ ਕਰ ਦਿਤੀਆਂ ਹਨ।
ਨੇਪਾਲ ਵਿਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਦਰਜਨਾਂ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਰਾਸ਼ਟਰੀ ਰਾਜਮਾਰਗ ਬੰਦ ਹੋ ਗਏ ਹਨ ਤੇ ਇਸ ਵਿਚਕਾਰ ਸੈਂਕੜੇ ਵਾਹਨ ਫਸੇ ਹੋਏ ਹਨ। ਪ੍ਰਸ਼ਾਸਨ ਨੇ ਅਗਲੇ ਤਿੰਨ ਦਿਨਾਂ ਲਈ ਕਾਠਮੰਡੂ ਆਉਣ-ਜਾਣ 'ਤੇ ਪਾਬੰਦੀ ਲਗਾ ਦਿਤੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।
ਬਾਰਿਸ਼ ਕਾਰਨ ਦੇਸ਼ ਭਰ ਦੇ ਹਵਾਈ ਅੱਡੇ ਬੰਦ ਕਰ ਦਿਤੇ ਗਏ ਹਨ। ਅਗਲੇ ਦੋ ਦਿਨਾਂ ਲਈ ਸਾਰੀਆਂ ਘਰੇਲੂ ਉਡਾਣਾਂ ਮੁਅੱਤਲ ਕਰ ਦਿਤੀਆਂ ਗਈਆਂ ਹਨ। ਕਾਠਮੰਡੂ ਦਾ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਬੰਦ ਹੈ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਰੀਆਂ ਘਰੇਲੂ ਏਅਰਲਾਈਨਾਂ ਨੇ ਮੌਸਮ ਵਿਚ ਸੁਧਾਰ ਹੋਣ ਤਕ ਉਡਾਣਾਂ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੇਸ਼ ਭਰ ਦੇ ਕਈ ਹਵਾਈ ਅੱਡਿਆਂ 'ਤੇ ਰਨਵੇਅ ਪਾਣੀ ਨਾਲ ਭਰੇ ਹੋਣ ਦੀ ਰਿਪੋਰਟ ਹੈ।
ਇਸ ਦੌਰਾਨ, ਨੇਪਾਲ ਸਰਕਾਰ ਨੇ ਭਾਰੀ ਬਾਰਿਸ਼ ਕਾਰਨ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਐਤਵਾਰ ਅਤੇ ਸੋਮਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਜਨਤਕ ਛੁੱਟੀ ਕਈ ਖੇਤਰਾਂ ਵਿਚ ਹੜ੍ਹ ਆਉਣ ਕਾਰਨ ਹੈ। ਸਰਕਾਰ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਤੇ ਹਸਪਤਾਲਾਂ ਨੂੰ ਛੱਡ ਕੇ ਸਾਰੇ ਵਿਭਾਗਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ।
ਕਾਠਮੰਡੂ ਦੇ ਸਾਰੇ ਦਰਿਆਈ ਗਲਿਆਰਿਆਂ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿਤੀ ਗਈ ਹੈ। ਤੱਟਵਰਤੀ ਖੇਤਰਾਂ ਦੇ ਵਸਨੀਕਾਂ ਨੂੰ ਹੜ੍ਹ ਕਾਰਨ ਖ਼ਾਲੀ ਕਰਵਾਇਆ ਜਾ ਰਿਹਾ ਹੈ। ਸਰਕਾਰ ਨੇ ਲੋਕਾਂ ਨੂੰ ਸਾਵਧਾਨ ਰਹਿਣ, ਸੁਰੱਖਿਅਤ ਥਾਵਾਂ 'ਤੇ ਰਹਿਣ ਅਤੇ ਘਰਾਂ ਤੋਂ ਬਾਹਰ ਨਿਕਲਣ ਤੋਂ ਬਚਣ ਦੀ ਸਲਾਹ ਦਿਤੀ ਹੈ। ਸਾਰੀਆਂ ਹੈਲੀਕਾਪਟਰ ਕੰਪਨੀਆਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ। ਕਾਠਮੰਡੂ ਹਵਾਈ ਅੱਡੇ 'ਤੇ ਫ਼ੌਜ ਦੇ ਨਾਈਟ ਵਿਜ਼ਨ ਹੈਲੀਕਾਪਟਰ ਨੂੰ ਤਿਆਰ ਰੱਖਿਆ ਗਿਆ ਹੈ।
(For more news apart from 24-Hour Rain Wreaks Havoc in Nepal, Schools And Offices Closed Latest News in Punjabi stay tuned to Rozana Spokesman.)